ਸਾਵਧਾਨ! ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਕਿਸਾਨ ਦਾ ਪੱਕਾ ਮੋਰਚਾ ਅੱਜ ਤੋਂ ਸ਼ੁਰੂ
ਚੰਡੀਗੜ੍ਹ 1 ਸਤੰਬਰ 2026
ਸੰਯੁਕਤ ਕਿਸਾਨ ਮੋਰਚਾ (SKM) ਵੱਲੋਂ ਅਮਰੀਕਾ- ਭਾਰਤ ਟਰੇਡ ਡੀਲ, ਪਾਣੀ, ਕਿਸਾਨਾਂ ਦੀ ਕਰਜ਼ਾ ਮੁਆਫ਼ੀ ਅਤੇ ਹੋਰ ਅਹਿਮ ਮੰਗਾਂ ਨੂੰ ਲੈ ਕੇ ਅੱਜ 1 ਸਤੰਬਰ ਤੋਂ ਚੰਡੀਗੜ੍ਹ-ਮੋਹਾਲੀ ਸਰਹੱਦ ’ਤੇ ਪੱਕਾ ਮੋਰਚਾ ਲਾਇਆ ਜਾ ਰਿਹਾ ਹੈ। ਇਹ ਮੋਰਚਾ 7 ਸਤੰਬਰ ਤੱਕ ਜਾਰੀ ਰਹੇਗਾ। ਇਸ ਦੌਰਾਨ ਕਿਸਾਨ ਸੈਕਟਰ 48-49 ਤੋਂ ਏਅਰਪੋਰਟ ਨੂੰ ਜਾਂਦੀ ਸੜਕ ਨੂੰ ਇਕ ਪਾਸੇ ਤੋਂ ਆਵਾਜਾਈ ਲਈ ਬੰਦ ਕਰਨਗੇ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਚੰਡੀਗੜ੍ਹ ਬਾਰਡਰ ’ਤੇ ਐੱਸਕੇਐੱਮ ਦਾ ਇਹ ਪਹਿਲਾ ਵੱਡਾ ਪ੍ਰਦਰਸ਼ਨ ਹੋਵੇਗਾ। ਦਿਨ-ਰਾਤ ਚੱਲਣ ਵਾਲੇ ਇਸ ਮੋਰਚੇ ਦੌਰਾਨ ਹਰ ਰੋਜ਼ ਕਿਸਾਨਾਂ ਦੀਆਂ ਮੰਗਾਂ ’ਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਮੰਗਲਵਾਰ ਸਵੇਰੇ ਚੰਡੀਗੜ੍ਹ ਪਹੁੰਚਣਗੇ, ਜਿਸ ਤੋਂ ਬਾਅਦ ਮੋਰਚੇ ਦੀ ਸ਼ੁਰੂਆਤ ਹੋਵੇਗੀ।
ਰਾਜੇਵਾਲ ਮੁਤਾਬਕ ਕਿਸਾਨਾਂ ਦੀਆਂ ਮੁੱਖ ਮੰਗਾਂ ਵਿੱਚ ਪਾਣੀਆਂ ਨਾਲ ਸਬੰਧਤ ਪੁਰਾਣੇ ਸਮਝੌਤੇ ਰੱਦ ਕਰਨਾ, ਗੰਨੇ ਦੇ ਕਿਸਾਨਾਂ ਨੂੰ ਫਸਲ ਦੀ ਵਾਜਬ ਅਤੇ ਸਮੇਂ ਸਿਰ ਅਦਾਇਗੀ ਕਰਵਾਉਣਾ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਕੌਮਾਂਤਰੀ ਵਪਾਰਕ ਸਮਝੌਤਿਆਂ ਸਮੇਤ ਹੋਰ ਮੁੱਦੇ ਵੀ ਮੋਰਚੇ ਦੌਰਾਨ ਉਠਾਏ ਜਾਣਗੇ।
ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਗੱਲਬਾਤ ਲਈ ਸੱਦਾ ਮਿਲਣ ’ਤੇ ਉਹ ਪੂਰੀ ਤਰ੍ਹਾਂ ਤਿਆਰ ਹਨ। ਮੋਰਚੇ ਲਈ ਕਿਸਾਨਾਂ ਨੇ ਆਪਣੇ ਪੱਧਰ ’ਤੇ ਪ੍ਰਬੰਧ ਮੁਕੰਮਲ ਕਰ ਲਏ ਹਨ ਅਤੇ ਲੰਗਰ ਲਈ ਲੋੜੀਂਦਾ ਸਮਾਨ ਵੀ ਨਾਲ ਲਿਆਂਦਾ ਜਾਵੇਗਾ।






