- ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਸਾਨ ਪੂਰੀ ਤਿਆਰੀ ਨਾਲ ਪਹੁੰਚੇ: ਟ੍ਰੈਫਿਕ ਡਾਈਵਰਟ
- 7 ਸਤੰਬਰ ਤੱਕ ਚੱਲੇਗਾ ਧਰਨਾ
- ਕਰੀਬ 1000 ਟਰੈਕਟਰ-ਟਰਾਲੀਆਂ ਨਾਲ ਪਹੁੰਚੇ ਕਿਸਾਨ
- IISER-ਜਗਤਪੁਰਾ ਰੋਡ ਬੰਦ
- ਪੁਲਿਸ ਵੱਲੋਂ ਟ੍ਰੈਫਿਕ ਐਡਵਾਈਜ਼ਰੀ ਜਾਰੀ
ਚੰਡੀਗੜ੍ਹ, 1 ਸਤੰਬਰ (ਦੇਸ਼ ਕਲਿੱਕ ਬਿਊਰੋ): ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਕਿਸਾਨਾਂ ਨੇ ਆਪਣੀਆਂ ਲੰਬਿਤ ਮੰਗਾਂ ਨੂੰ ਲੈ ਕੇ ਪੱਕਾ ਮੋਰਚਾ ਲਗਾ ਦਿੱਤਾ ਹੈ। ਮੋਹਾਲੀ ਵੱਲ ਗੋਲਫ ਕਲੱਬ ਨੇੜੇ ਕਿਸਾਨ IISER-ਜਗਤਪੁਰਾ ਸੜਕ ’ਤੇ ਧਰਨੇ ’ਤੇ ਬੈਠੇ ਹਨ। ਕਿਸਾਨ ਜਥੇਬੰਦੀਆਂ ਮੁਤਾਬਕ ਇਹ ਮੋਰਚਾ 7 ਸਤੰਬਰ ਤੱਕ ਜਾਰੀ ਰਹੇਗਾ। ਧਰਨੇ ਲਈ ਸੜਕ ਦੇ ਵਿਚਕਾਰ ਪੰਡਾਲ ਲਗਾਇਆ ਗਿਆ ਹੈ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰ-ਟਰਾਲੀਆਂ ਲੈ ਕੇ ਪਹੁੰਚੇ ਹਨ। ਇਸ ਕਾਰਨ ਮੋਹਾਲੀ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਟ੍ਰੈਫਿਕ ਪ੍ਰਬੰਧਾਂ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਬਾਰਡਰ ’ਤੇ ਬੈਰੀਕੇਡਿੰਗ ਕਰਕੇ ਆਵਾਜਾਈ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ।
ਇੱਕ ਹੀ ਪਾਸੇ ਤੋਂ ਚੱਲ ਰਿਹਾ ਦੋਵੇਂ ਪਾਸਿਆਂ ਦਾ ਟ੍ਰੈਫਿਕ
ਚੰਡੀਗੜ੍ਹ ਪੁਲਿਸ ਨੇ ਇੱਕ ਪਾਸੇ ਬੈਰੀਕੇਡ ਲਗਾ ਕੇ ਰਸਤਾ ਬੰਦ ਕਰ ਦਿੱਤਾ ਹੈ। ਹੁਣ ਦੋਵੇਂ ਦਿਸ਼ਾਵਾਂ ਦਾ ਟ੍ਰੈਫਿਕ ਸੜਕ ਦੀ ਇੱਕ ਹੀ ਸਾਈਡ ਤੋਂ ਚਲਾਇਆ ਜਾ ਰਿਹਾ ਹੈ।
ਕਿਸਾਨਾਂ ਦੀਆਂ ਮੁੱਖ ਮੰਗਾਂ
ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਲਈ ਪਾਣੀ ਦੀ ਰਾਇਲਟੀ ਦੇਣ, ਭਾਰਤ ਅਤੇ ਅਮਰੀਕਾ ਵਿਚਾਲੇ ਟ੍ਰੇਡ ਡੀਲ ਰੱਦ ਕਰਨ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਇਹ ਮੋਰਚਾ ਲਗਾਇਆ ਗਿਆ ਹੈ।
ਰਾਸ਼ਨ ਅਤੇ ਗੈਸ ਚੁੱਲ੍ਹੇ ਲੈ ਕੇ ਪਹੁੰਚੇ ਕਿਸਾਨ
ਕਿਸਾਨ ਸੱਤ ਦਿਨਾਂ ਦੇ ਧਰਨੇ ਲਈ ਪੂਰੀ ਤਿਆਰੀ ਨਾਲ ਪਹੁੰਚੇ ਹਨ। ਉਹ ਆਪਣੇ ਨਾਲ ਰਾਸ਼ਨ, ਗੈਸ ਚੁੱਲ੍ਹੇ ਅਤੇ ਖਾਣਾ ਬਣਾਉਣ ਲਈ ਬਰਤਨ ਵੀ ਲੈ ਕੇ ਆਏ ਹਨ, ਤਾਂ ਜੋ ਧਰਨੇ ਵਾਲੀ ਥਾਂ ’ਤੇ ਹੀ ਲੰਗਰ ਅਤੇ ਖਾਣੇ ਦਾ ਪ੍ਰਬੰਧ ਕੀਤਾ ਜਾ ਸਕੇ।
IISER ਚੌਕ ਤੋਂ ਬੈਸਟੈਕ ਮਾਲ ਤੱਕ ਰਸਤਾ ਬੰਦ
ਧਰਨੇ ਦੇ ਮੱਦੇਨਜ਼ਰ IISER ਚੌਕ ਤੋਂ ਬੈਸਟੈਕ ਮਾਲ, ਫੇਜ਼-11 ਮੋਹਾਲੀ, ਜਗਤਪੁਰਾ ਰਾਹੀਂ ਚੰਡੀਗੜ੍ਹ ਜਾਣ ਵਾਲੀ ਸੜਕ ਹਰ ਤਰ੍ਹਾਂ ਦੇ ਵਾਹਨਾਂ ਲਈ ਬੰਦ ਰਹੇਗੀ। ਪੁਲਿਸ ਨੇ ਲੋਕਾਂ ਨੂੰ ਇਸ ਰੂਟ ਤੋਂ ਬਚਣ ਅਤੇ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ।
ਚੰਡੀਗੜ੍ਹ ਜਾਣ ਲਈ ਇਹ ਬਦਲਵੇਂ ਰਸਤੇ ਵਰਤ ਸਕਦੇ ਹੋ
ਪਹਿਲਾ ਰੂਟ: IISER ਚੌਕ → ਲਾਂਡਰਾਂ ਰੋਡ → ਸੈਕਟਰ-82/83 ਰੋਡ → ਜਗਤਪੁਰਾ → ਚੰਡੀਗੜ੍ਹ
ਦੂਜਾ ਰੂਟ: IISER ਚੌਕ → ਏਅਰਪੋਰਟ ਰੋਡ → IT ਸਿਟੀ/ਏਰੋਸਿਟੀ → ਚੰਡੀਗੜ੍ਹ
ਤੀਜਾ ਰੂਟ: IISER ਚੌਕ → ਫੇਜ਼-9 ਰੋਡ → ਸੈਕਟਰ-66/68 → ਜਗਤਪੁਰਾ → ਚੰਡੀਗੜ੍ਹ
ਪੁਲਿਸ ਦੀ ਲੋਕਾਂ ਨੂੰ ਅਪੀਲ
ਪੁਲਿਸ ਨੇ ਵਾਹਨ ਚਾਲਕਾਂ ਨੂੰ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਰੂਟ ਪਲਾਨ ਕਰਨ, ਟ੍ਰੈਫਿਕ ਸਾਈਨਜ਼ ਦੀ ਪਾਲਣਾ ਕਰਨ ਅਤੇ ਮੌਕੇ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਕਿਸਾਨਾਂ ਦੇ ਮੋਰਚੇ ਕਾਰਨ ਮੋਹਾਲੀ ਤੋਂ ਚੰਡੀਗੜ੍ਹ ਆਉਣ-ਜਾਣ ਵਾਲੇ ਲੋਕਾਂ ਨੂੰ ਟ੍ਰੈਫਿਕ ਜਾਮ ਅਤੇ ਰੂਟ ਡਾਇਵਰਜ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।






