- ਸ਼ੂਗਰ ਮਿੱਲ ‘ਚੋਂ ਲੋਡਿੰਗ ਦੌਰਾਨ ਗੱਡੀ ਵਿੱਚ 25 ਕੁਇੰਟਲ ਚੀਨੀ ਵੱਧ ਲੋਡ ਕਰਨ ਦਾ ਮਾਮਲਾ: ਦੋ ਮੁਲਾਜ਼ਮ ਸਸਪੈਂਡ
- ਦੋ ਡਾਇਰੈਕਟਰਾਂ ਦੀ ਮੁਸਤੈਦੀ ਕਾਰਨ ਲੱਗਭਗ ਡੇਢ ਲੱਖ ਰੁਪਏ ਦਾ ਨੁਕਸਾਨ ਹੋਣ ਤੋਂ ਬਚਿਆ
- ਮਿੱਲ ਮੈਨੇਜਮੈਂਟ ਵੱਲੋਂ ਦੋ ਮੁਲਾਜ਼ਮ ਮੁਅਤਲ
ਮੋਰਿੰਡਾ 1 ਸਤੰਬਰ (ਭਟੋਆ) : ਸ਼ੂਗਰ ਮਿੱਲ ਮੋਰਿੰਡਾ ਵਿੱਚ ਚੀਨੀ ਦੀ ਲੋਡਿੰਗ ਦੌਰਾਨ ਇੱਕ ਗੱਡੀ ਵਿੱਚ ਬਿਲਟੀ ਨਾਲੋ 25 ਕੁਇੰਟਲ ਚੀਨੀ ਵੱਧ ਲੋਡ ਕਰਕੇ ਮਿੱਲ ਨੂੰ ਕਥਿਤ ਤੌਰ ਤੇ ਲੱਗਭਗ ਡੇਢ ਲੱਖ ਰੁਪਏ ਦਾ ਨੁਕਸਾਨ ਹੋਣ ਤੋ ਰੋਕਣ ਦਾ ਮਾਮਲਾ ਸਾਹਮਣੇ ਆਇਆ ਹੈ , ਜਦਕਿ ਸ਼ੂਗਰ ਮਿੱਲ ਵਿੱਚੋਂ ਕਥਿਤ ਤੌਰ ਤੇ ਵੱਡੀ ਮਾਤਰਾ ਵਿੱਚ ਸਕਰੈਪ ਬਾਹਰ ਨਿਕਲਣ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਹਨ। ਇਸੇ ਦੌਰਾਨ ਮਿੱਲ ਮੈਨੇਜਮੈਂਟ ਨੇ ਇਸ ਮਾਮਲੇ ਵਿੱਚ ਸ਼ਾਮਿਲ ਦੋ ਮੁਲਾਜ਼ਮਾਂ ਨੂੰ ਚਾਰਜਸ਼ੀਟ ਜਾਰੀ ਕਰਦਿਆ ਤੁਰੰਤ ਪ੍ਰਭਾਵ ਤੇ ਮੁਅੱਤਲ ਕਰ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ੂਗਰ ਮਿੱਲ ਮੋਰਿੰਡਾ ਦੇ ਡਾਇਰੈਕਟਰ ਕੁਲਵਿੰਦਰ ਸਿੰਘ ਸਿੰਬਲ ਝੱਲੀਆਂ ਅਤੇ ਸਤਨਾਮ ਸਿੰਘ ਬਹਿਰਾਮਪੁਰ ਜਿਮੀਦਾਰਾਂ ਨੇ ਦੱਸਿਆ ਕਿ 26 ਅਗਸਤ ਨੂੰ ਉਹਨਾਂ ਨੂੰ ਇਹ ਸੂਚਨਾ ਮਿਲੀ ਸੀ ਕਿ ਮਿੱਲ ਦੇ ਚੀਨੀ ਗੋਡਾਉਨ ਵਿੱਚੋਂ ਮਾਰਕੀਟ ਵਿੱਚ ਜਾਣ ਵਾਲੀ ਚੀਨੀ ਵੱਖ-ਵੱਖ ਟਰੱਕਾਂ / ਗੱਡੀਆਂ ਵਿੱਚ ਲੋਡ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਸੂਚਨਾ ਅਨੁਸਾਰ ਹਰੇਕ ਗੱਡੀ ਵਿੱਚ ਚੀਨੀ ਦੀਆਂ 250 ਬੋਰੀਆਂ (125 ਕੁਇੰਟਲ ਚੀਨੀ) ਲੋਡ ਕੀਤੀਆ ਗਈਆ , ਪ੍ਰੰਤੂ ਇੱਕ ਗੱਡੀ ਵਿੱਚ ਚੀਨੀ ਦੀਆਂ 300 ਬੋਰੀਆਂ ( 150 ਕੁਇੰਟਲ ਚੀਨੀ ) ਲੋਡ ਕੀਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਜਦੋਂ ਹਰੇਕ ਗੱਡੀ ਵਿਚ ਚੀਨੀ ਲੋਡ ਕਰਨ ਲਈ ਬਿਲਟੀ 250 ਬੋਰੀਆਂ ਦੀ ਬਣਾਈ ਗਈ ਹੈ ਤਾਂ ਇਕ ਗੱਡੀ ਵਿੱਚ ਹੀ 300 ਬੋਰੀਆਂ ਚੀਨੀ ਦੀਆਂ ਕਿਉਂ ਅਤੇ ਕਿਸ ਦੀ ਕਥਿਤ ਮਿਲੀ ਭੁਗਤ ਸਦਕਾ 50 ਬੋਰੀਆਂ ਭਾਵ 25 ਕੁਇੰਟਲ ਚੀਨੀ ਵੱਧ ਲੋਡ ਕੀਤੀ ਗਈ। ਜਿਨਾਂ ਦੀ ਬਜਾਰੂ ਕੀਮਤ ਲਗਭਗ 137000/- ਰੁਪਏ ਤੋਂ ਵੱਧ ਬਣਦੀ ਹੈ।. ਇਹਨਾਂ ਡਾਇਰੈਕਟਰਾਂ ਨੇ ਦੱਸਿਆ ਕਿ ਜੇਕਰ ਉਹ ਮੌਕੇ ਤੇ ਪਹੁੰਚ ਕੇ ਇਹਨਾਂ ਗੱਡੀਆਂ ਨੂੰ ਚੈੱਕ ਨਾ ਕਰਦੇ ਤਾਂ ਸ਼ੂਗਰ ਮਿੱਲ ਨੂੰ 25 ਕੁਇੰਟਲ ਚੀਨੀ ਦਾ ਚੂਨਾ ਲੱਗ ਜਾਣਾ ਸੀ।
ਉਹਨਾਂ ਦੱਸਿਆ ਕਿ ਇਸੇ ਦੌਰਾਨ ਉਹਨਾਂ ਵੱਲੋਂ ਅਕਾਊਂਟੈਂਟ ਅਤੇ ਗੋਡਾਊਨ ਕੀਪਰ ਦੇ ਫੋਨ ਆਦਿ ਵੀ ਚੈੱਕ ਕੀਤੇ ਗਏ ਕਿ ਗੱਡੀਆਂ ਵਿੱਚ ਚੀਨੀ ਲੋਡ ਕਰਨ ਤੋਂ ਪਹਿਲਾਂ ਉਹ ਕਿਸ ਦੁਕਾਨਦਾਰ ਜਾਂ ਅਧਿਕਾਰੀ ਨਾਲ ਗੱਲਬਾਤ ਕਰਦੇ ਰਹੇ ਹਨ । ਉਹਨਾਂ ਦੋਸ਼ ਲਗਾਇਆ ਕਿ ਸਬੰਧਤ ਮੁਲਾਜ਼ਮਾਂ ਵੱਲੋਂ ਉੱਚ ਅਧਿਕਾਰੀਆਂ ਦੀ ਕਥਿਤ ਮਿਲੀ ਭੁਗਤ ਨਾਲ ਇਹ ਚੋਰੀ ਲੁਕਾਉਣ ਲਈ ਬਿੱਲ ਰਾਤ ਸਮੇਂ ਕਰੀਬ 8 ਵਜੇ ਕੱਟ ਕੇ ਸੂਗਰ ਮਿਲ ਦੇ ਕਾਗਜ਼ਾਤ ਸਹੀ ਕੀਤੇ ਗਏ , ਜਦ ਕਿ ਚੀਨੀ ਨਾਲ ਲੋਡ ਕੀਤੀਆਂ ਗੱਡੀਆਂ ਬਾਅਦ ਦੁਪਹਿਰ
ਕਰੀਬ 3.15 ਵਜੇ ਗੋਡਾਉਨ ਵਿੱਚੋਂ ਬਾਹਰ ਨਿਕਲੀਆਂ। ਉਧਰ ਜਦੋਂ ਇਸ ਮਾਮਲੇ ਸਬੰਧੀ ਸ਼ੂਗਰ ਮਿੱਲ ਦੇ ਜਨਰਲ ਮੈਨੇਜਰ ਤਰਨਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸੂਚਨਾ ਮਿਲਣ ਉਪਰੰਤ ਉਹਨਾਂ ਵੱਲੋਂ ਤੁਰੰਤ ਪਰਚੇਜ਼ ਅਕਾਊਂਟੈਂਟ ਉੰਕਾਰ ਸਿੰਘ ਅਤੇ ਗੋਡਾਉਨ ਕੀਪਰ ਇਕਬਾਲ ਸਿੰਘ ਨੂੰ ਮੁਅਤਲ ਕਰਕੇ ਚਾਰਜ ਸ਼ੀਟ ਜਾਰੀ ਕਰਦਿਆ ਇੱਕ ਹਫਤੇ ਦੇ ਵਿੱਚ ਵਿੱਚ ਜਵਾਬਤਲਬੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਜੇਕਰ ਜਵਾਬ ਤਸੱਲੀ ਬਖਸ਼ ਨਾ ਪਾਇਆ ਗਿਆ ਤਾਂ ਸੇਵਾ ਨਿਯਮਾਂ ਅਨੁਸਾਰ ਇਹਨਾਂ ਦੋਨਾਂ ਮੁਲਾਜ਼ਮਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । ਉਨਾ ਕਿਹਾ ਕਿ ਮਿੱਲ ਦੇ ਕਿਸੇ ਵੀ ਅਧਿਕਾਰੀ ਤੇ ਕਰਮਚਾਰੀ ਨੂੰ ਮਿੱਲ ਅਤੇ ਕਿਸਾਨਾਂ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।.






