ਭੈਣ-ਜੀਜੇ ਤੋਂ ਦੁਖੀ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
ਅੰਮ੍ਰਿਤਸਰ 2 ਸਤੰਬਰ 2026
ਲੰਬੇ ਸਮੇਂ ਤੋਂ ਚੱਲ ਰਹੇ ਜਾਇਦਾਦੀ ਵਿਵਾਦ ਤੋਂ ਕਥਿਤ ਤੌਰ ’ਤੇ ਦੁਖੀ ਇੱਕ ਵਿਅਕਤੀ ਵੱਲੋਂ ਖ਼ੁਦ ਨੂੰ ਅੱਗ ਲਗਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਗੰਭੀਰ ਰੂਪ ਵਿੱਚ ਝੁਲਸ ਜਾਣ ਕਾਰਨ ਉਸ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਲਵਿੰਦਰ ਸਿੰਘ ਵਾਸੀ ਰਾਮਤੀਰਥ ਰੋਡ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਲਵਿੰਦਰ ਸਿੰਘ ਦਾ ਆਪਣੀ ਸਕੀ ਭੈਣ ਅਤੇ ਜੀਜੇ ਨਾਲ ਜਾਇਦਾਦ ਨੂੰ ਲੈ ਕੇ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਇਸ ਵਿਵਾਦ ਕਾਰਨ ਉਹ ਕਥਿਤ ਤੌਰ ’ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਦੱਸਿਆ ਜਾ ਰਿਹਾ ਹੈ ਕਿ ਇਸੇ ਪਰੇਸ਼ਾਨੀ ਦੇ ਚਲਦਿਆਂ ਉਸ ਨੇ ਖ਼ੁਦ ਨੂੰ ਅੱਗ ਲਗਾ ਲਈ। ਅੱਗ ਦੀਆਂ ਲਪਟਾਂ ਵਿੱਚ ਘਿਰ ਜਾਣ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।
ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਮ੍ਰਿਤਕ ਦੀ ਭੈਣ ਸੁਮਨ ਬਾਲਾ ਅਤੇ ਜੀਜੇ ਪ੍ਰੇਮ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।






