ਸਾਈਬਰ ਠੱਗੀ ਦਾ ਹੈਰਾਨੀਜਨਕ ਮਾਮਲਾ, NIA-ATS ਅਧਿਕਾਰੀ ਬਣ ਕੇ ਬਜ਼ੁਰਗ ਜੋੜੇ ਤੋਂ ਠੱਗੇ 30 ਲੱਖ
ਨਵੀਂ ਦਿੱਲੀ 2 ਸਤੰਬਰ 2026
ਦਿੱਲੀ ਦੇ ਦਵਾਰਕਾ ਇਲਾਕੇ ਵਿੱਚ ਸਾਈਬਰ ਠੱਗੀ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਠੱਗਾਂ ਨੇ ਰਾਸ਼ਟਰੀ ਜਾਂਚ ਏਜੰਸੀ (NIA) ਅਤੇ ਅੱਤਵਾਦ ਵਿਰੋਧੀ ਦਸਤੇ (ATS) ਦੇ ਅਧਿਕਾਰੀ ਬਣ ਕੇ 74 ਸਾਲਾ ਸੇਵਾਮੁਕਤ ਰੇਲਵੇ ਕਰਮਚਾਰੀ ਅਤੇ ਉਸ ਦੀ ਪਤਨੀ ਨੂੰ ਕਰੀਬ ਸੱਤ ਦਿਨ ਤੱਕ ‘ਡਿਜੀਟਲ ਗ੍ਰਿਫ਼ਤਾਰੀ’ ਵਿੱਚ ਰੱਖਿਆ। ਡਰਾ-ਧਮਕਾ ਕੇ ਮੁਲਜ਼ਮਾਂ ਨੇ ਬਜ਼ੁਰਗ ਜੋੜੇ ਤੋਂ ਉਨ੍ਹਾਂ ਦੀ ਉਮਰ ਭਰ ਦੀ ਜਮ੍ਹਾਂ ਪੂੰਜੀ ਵਿੱਚੋਂ 30 ਲੱਖ ਰੁਪਏ ਆਪਣੇ ਖਾਤਿਆਂ ਵਿੱਚ ਤਬਦੀਲ ਕਰਵਾ ਲਏ।
ਪੁਲਿਸ ਅਨੁਸਾਰ ਘਟਨਾ ਪਿਛਲੇ ਸਾਲ 23 ਨਵੰਬਰ ਦੀ ਹੈ। ਬਜ਼ੁਰਗ ਆਪਣੇ ਰਿਸ਼ਤੇਦਾਰ ਦੇ ਵਿਆਹ ਵਿੱਚ ਜਾਣ ਦੀ ਤਿਆਰੀ ਕਰ ਰਹੇ ਸਨ ਕਿ ਸ਼ਾਮ ਕਰੀਬ 4 ਵਜੇ ਉਨ੍ਹਾਂ ਨੂੰ ਫ਼ੋਨ ਆਇਆ। ਫ਼ੋਨ ਕਰਨ ਵਾਲੇ ਨੇ ਆਪਣੇ ਆਪ ਨੂੰ NIA ਅਧਿਕਾਰੀ ਦੱਸਦਿਆਂ ਦੋਸ਼ ਲਾਇਆ ਕਿ ਬਜ਼ੁਰਗ ਦੇ ਬੈਂਕ ਖਾਤੇ ਦੀ ਵਰਤੋਂ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਦੇ ਦੋਸ਼ੀਆਂ ਨੂੰ ਧਨ ਮੁਹੱਈਆ ਕਰਵਾਉਣ ਲਈ ਕੀਤੀ ਗਈ ਹੈ।
ਠੱਗਾਂ ਨੇ ਜਾਂਚ ਅਤੇ ਗ੍ਰਿਫ਼ਤਾਰੀ ਦਾ ਡਰ ਪੈਦਾ ਕਰਕੇ ਜੋੜੇ ਨੂੰ ਘਰ ਵਿੱਚ ਹੀ ਨਿਗਰਾਨੀ ਹੇਠ ਰਹਿਣ ਲਈ ਮਜਬੂਰ ਕੀਤਾ। ਡਰ ਕਾਰਨ ਬਜ਼ੁਰਗ ਜੋੜੇ ਨੇ ਠੱਗਾਂ ਵੱਲੋਂ ਦਿੱਤੇ ਖਾਤਿਆਂ ਵਿੱਚ 30 ਲੱਖ ਰੁਪਏ ਭੇਜ ਦਿੱਤੇ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।






