ਹਲਵਾਰਾ-ਦਿੱਲੀ ਏਅਰ ਇੰਡੀਆ ਉਡਾਣ ਰੱਦ, 60 ਦੇ ਕਰੀਬ ਯਾਤਰੀ ਹੋਏ ਖੱਜਲ-ਖੁਆਰ
ਲੁਧਿਆਣਾ, 7 ਸਤੰਬਰ 2026: ਦਿੱਲੀ ਅਤੇ ਹਲਵਾਰਾ ਵਿਚਕਾਰ ਏਅਰ ਇੰਡੀਆ ਦੀ ਹਵਾਈ ਸੇਵਾ ਇੱਕ ਵਾਰ ਮੁੜ ਯਾਤਰੀਆਂ ਲਈ ਪਰੇਸ਼ਾਨੀ ਦਾ ਕਾਰਨ ਬਣ ਗਈ। ਸੋਮਵਾਰ ਸਵੇਰੇ ਦਿੱਲੀ-ਹਲਵਾਰਾ ਉਡਾਣ (ਏਆਈ-481/482) ਨੂੰ ‘ਆਪਰੇਸ਼ਨਲ ਕਾਰਨਾਂ’ ਕਰਕੇ ਰੱਦ ਕਰ ਦਿੱਤਾ ਗਿਆ। ਇਸ ਕਾਰਨ ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਜਾਣ ਲਈ ਪਹੁੰਚੇ ਕਰੀਬ 60 ਯਾਤਰੀਆਂ ਨੂੰ ਬਿਨਾਂ ਸਫ਼ਰ ਕੀਤੇ ਹੀ ਵਾਪਸ ਮੁੜਨਾ ਪਿਆ।
ਸਵੇਰ ਦੀ ਏਆਈ-482 ਉਡਾਣ ਰਾਹੀਂ ਦਿੱਲੀ ਜਾਣ ਵਾਲੇ ਯਾਤਰੀ ਨਿਰਧਾਰਤ ਸਮੇਂ ਤੋਂ ਪਹਿਲਾਂ ਹਵਾਈ ਅੱਡੇ ’ਤੇ ਪਹੁੰਚ ਗਏ ਸਨ। ਉਡਾਣ ਰੱਦ ਹੋਣ ਦੀ ਸੂਚਨਾ ਮਿਲਣ ਮਗਰੋਂ ਕਈ ਯਾਤਰੀਆਂ ਨੇ ਦੁਪਹਿਰ ਦੀ ਅਗਲੀ ਉਡਾਣ ਵਿੱਚ ਸੀਟਾਂ ਬੁੱਕ ਕਰਵਾਈਆਂ, ਜਦਕਿ ਕੁਝ ਨੇ ਆਪਣੀ ਯਾਤਰਾ ਦੀ ਤਾਰੀਖ ਹੀ ਬਦਲ ਲਈ। ਏਅਰ ਇੰਡੀਆ ਵੱਲੋਂ ਤੜਕੇ ਕਰੀਬ 3:30 ਵਜੇ ਉਡਾਣ ਰੱਦ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ।
ਯਾਤਰੀਆਂ ਮੁਤਾਬਕ ਹਲਵਾਰਾ-ਦਿੱਲੀ ਸੇਵਾ ਇੱਕੋ ਜਹਾਜ਼ ਦੇ ਰੋਟੇਸ਼ਨ ’ਤੇ ਨਿਰਭਰ ਹੋਣ ਕਾਰਨ ਇੱਕ ਉਡਾਣ ਪ੍ਰਭਾਵਿਤ ਹੋਣ ਦਾ ਸਿੱਧਾ ਅਸਰ ਦੂਜੀ ਉਡਾਣ ’ਤੇ ਵੀ ਪੈਂਦਾ ਹੈ। ਇਸ ਤੋਂ ਪਹਿਲਾਂ ਵੀ ਤਕਨੀਕੀ ਖਰਾਬੀਆਂ ਕਾਰਨ ਉਡਾਣਾਂ ਵਿੱਚ ਦੇਰੀ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਚੁੱਕੀਆਂ ਹਨ।
ਇਸੇ ਦੌਰਾਨ, ਹਲਵਾਰਾ ਹਵਾਈ ਅੱਡੇ ’ਤੇ ਯਾਤਰੀਆਂ ਦੀ ਗਿਣਤੀ ਵਿੱਚ ਵੀ ਅਗਸਤ ਦੌਰਾਨ ਕਮੀ ਦਰਜ ਕੀਤੀ ਗਈ। ਯਾਤਰੀਆਂ ਨੇ ਉਡਾਣਾਂ ਦੀ ਅਨਿਸ਼ਚਿਤਤਾ ਦੇ ਨਾਲ-ਨਾਲ ਹਵਾਈ ਅੱਡੇ ਤੱਕ ਆਉਣ-ਜਾਣ ਲਈ ਮਹਿੰਗੀਆਂ ਟੈਕਸੀ ਸੇਵਾਵਾਂ ਨੂੰ ਵੀ ਵੱਡੀ ਚੁਣੌਤੀ ਦੱਸਿਆ ਹੈ। 10 ਸਤੰਬਰ ਤੋਂ ਹਲਵਾਰਾ ਤੋਂ ਸ਼ਾਮ ਦੀ ਉਡਾਣ ਦਾ ਸਮਾਂ ਵੀ ਬਦਲ ਕੇ 4:05 ਵਜੇ ਕੀਤਾ ਜਾ ਰਿਹਾ ਹੈ।







