ਵੱਡੀ ਖ਼ਬਰ: ਏਅਰ ਇੰਡੀਆ ਨੂੰ ਕਾਰਨ ਦੱਸੋ ਨੋਟਿਸ ਜਾਰੀ! ਬਿਨਾਂ ਇਮੀਗ੍ਰੇਸ਼ਨ ਜਾਂਚ ਦੇ 3 ਇਟਲੀ ਨਾਗਰਿਕ ਜਹਾਜ਼ ’ਚ ਬਿਠਾ ਕੇ ਉੱਡ ਗਈ ਫਲਾਈਟ
ਨਵੀਂ ਦਿੱਲੀ 15 ਸਤੰਬਰ 2026
ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਯਾਤਰੀ ਜਾਂਚ ਪ੍ਰਣਾਲੀ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਤਿੰਨ ਇਟਲੀ ਦੇ ਨਾਗਰਿਕ ਬਿਨਾਂ ਲਾਜ਼ਮੀ ਇਮੀਗ੍ਰੇਸ਼ਨ ਕਲੀਅਰੈਂਸ ਦੇ ਦਿੱਲੀ ਤੋਂ ਮਿਊਨਿਖ ਜਾਣ ਵਾਲੀ ਲੁਫਥਾਂਸਾ ਦੀ ਉਡਾਣ ਵਿੱਚ ਸਵਾਰ ਹੋ ਗਏ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਏਅਰ ਇੰਡੀਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਸੱਤ ਦਿਨਾਂ ਅੰਦਰ ਜਵਾਬ ਮੰਗਿਆ ਹੈ।
ਇਹ ਘਟਨਾ 4 ਸਤੰਬਰ ਦੀ ਦੱਸੀ ਜਾ ਰਹੀ ਹੈ। ਤਿੰਨੇ ਯਾਤਰੀ ਅੰਮ੍ਰਿਤਸਰ ਤੋਂ ਏਅਰ ਇੰਡੀਆ ਦੀ ਉਡਾਣ AI-1115 ਰਾਹੀਂ ਰਾਤ ਕਰੀਬ 12:50 ਵਜੇ ਦਿੱਲੀ ਪਹੁੰਚੇ ਸਨ। ਇਸ ਤੋਂ ਲਗਭਗ ਇੱਕ ਘੰਟੇ ਬਾਅਦ ਉਹ ਲੁਫਥਾਂਸਾ ਦੀ ਉਡਾਣ LH-763 ਰਾਹੀਂ ਮਿਊਨਿਖ ਲਈ ਰਵਾਨਾ ਹੋ ਗਏ।
ਮੰਤਰਾਲੇ ਮੁਤਾਬਕ ਅੰਮ੍ਰਿਤਸਰ ’ਚ ਹੀ ਯਾਤਰੀਆਂ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਲਈ ਬੋਰਡਿੰਗ ਪਾਸ ਜਾਰੀ ਕੀਤੇ ਗਏ ਸਨ। ਦਿੱਲੀ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਇਮੀਗ੍ਰੇਸ਼ਨ ਜਾਂਚ ਲਈ ਭੇਜਿਆ ਜਾਣਾ ਚਾਹੀਦਾ ਸੀ, ਪਰ ਉਹ ਗਲਤ ਰਸਤੇ ਰਾਹੀਂ ਅੱਗੇ ਵਧ ਗਏ ਅਤੇ ਇਮੀਗ੍ਰੇਸ਼ਨ ਚੈਕਪੁਆਇੰਟ ਤੋਂ ਬਿਨਾਂ ਹੀ ਅੰਤਰਰਾਸ਼ਟਰੀ ਉਡਾਣ ਵਿੱਚ ਸਵਾਰ ਹੋ ਗਏ।
ਮੰਤਰਾਲੇ ਨੇ ਏਅਰ ਇੰਡੀਆ ਦੀ ਮਿਆਰੀ ਕਾਰਜ ਪ੍ਰਣਾਲੀ (SOP) ’ਤੇ ਵੀ ਸਵਾਲ ਉਠਾਏ ਹਨ। ਹਾਲਾਂਕਿ ਇਸ ਸਾਰੇ ਵਿਵਾਦ ਅਤੇ ਜਾਰੀ ਹੋਏ ਨੋਟਿਸ ਦਾ ਏਅਰ ਇੰਡੀਆ ਕੀ ਜਵਾਬ ਦਿੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਏਅਰ ਇੰਡੀਆ ਨੇ ਹੁਣ ਤੱਕ ਇਹ ਕਲੀਅਰ ਨਹੀਂ ਕੀਤਾ ਕਿ ਉਕਤ ਯਾਤਰੀ ਬਿਨਾਂ ਜਾਂਚ ਦੇ ਜਹਾਜ ਵਿੱਚ ਕਿਵੇਂ ਸਵਾਰ ਹੋਏ?







