- ਫਿਰੌਤੀ ਲਈ ਘਰਾਂ/ਕੋਠੀਆਂ ’ਤੇ ਫਾਇਰਿੰਗ ਕਰਨ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਦੇ 4 ਗੁਰਗੇ ਗ੍ਰਿਫ਼ਤਾਰ !
ਚੰਡੀਗੜ੍ਹ 17 ਸਤੰਬਰ (ਦੇਸ਼ ਕਲਿੱਕ ਬਿਊਰੋ): ਮੋਹਾਲੀ ਪੁਲਿਸ ਵੱਲੋਂ ਫਿਰੌਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਮਕਸਦ ਨਾਲ ਘਰਾਂ/ਕੋਠੀਆਂ ’ਤੇ ਫਾਇਰਿੰਗ ਕਰਨ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ 04 ਗੁਰਗਿਆਂ ਨੂੰ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਪਾਸੋਂ 01 ਪਿਸਟਲ PX5.30 ਬੋਰ (ਵਿਦੇਸ਼ੀ), 01 ਪਿਸਟਲ PX3.30 ਬੋਰ (ਵਿਦੇਸ਼ੀ), 03 ਮੈਗਜ਼ੀਨ .30 ਬੋਰ, 12 ਜਿੰਦਾ ਕਾਰਤੂਸ ਅਤੇ 01 ਕਾਰ ਬਰਾਮਦ ਕੀਤੀ ਗਈ ਹੈ।
ਮਾਮਲੇ ਸਬੰਧੀ ਅਗਲੇਰੀ ਜਾਂਚ ਜਾਰੀ ਹੈ ਅਤੇ ਗ੍ਰਿਫ਼ਤਾਰ ਮੁਲਜ਼ਮਾਂ ਦੇ ਹੋਰ ਅਪਰਾਧਿਕ ਸਬੰਧਾਂ ਅਤੇ ਵਾਰਦਾਤਾਂ ਬਾਰੇ ਵੀ ਪੜਤਾਲ ਕੀਤੀ ਜਾ ਰਹੀ ਹੈ। ਮੋਹਾਲੀ ਪੁਲਿਸ ਵੱਲੋਂ ਗੈਂਗਸਟਰਾਂ, ਫਿਰੌਤੀਖੋਰਾਂ ਅਤੇ ਹੋਰ ਮਾੜੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਲਗਾਤਾਰ ਜਾਰੀ ਹੈ।
ਮੋਹਾਲੀ ਵਿੱਚ ਤਿੰਨ ਥਾਵਾਂ ‘ਤੇ ਹੋਈ ਗੋਲੀਬਾਰੀ ਪਿੱਛੇ ਲਾਰੈਂਸ ਗੈਂਗ ਦਾ ਹੱਥ ਸੀ, ਜਿਸ ਵਿੱਚ ਦੋ ਕਾਰੋਬਾਰੀਆਂ ‘ਤੇ ਵੀ ਗੋਲੀਬਾਰੀ ਹੋਈ ਸੀ। ਇਸ ਗੈਂਗ ਨੂੰ ਰਵਿੰਦਰ ਉਰਫ਼ ਕਾਲੀ ਚਲਾ ਰਿਹਾ ਸੀ, ਜੋ ਬੁੜੈਲ ਜੇਲ੍ਹ ਵਿੱਚ ਬੰਦ ਹੈ। ਪੁਲਿਸ ਨੇ ਗੈਂਗ ਦੇ ਤਿੰਨ ਅਪਰਾਧੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਚੌਥਾ ਅਜੇ ਵੀ ਫਰਾਰ ਹੈ। ਮੁਲਜ਼ਮਾਂ ਨੇ ਪਹਿਲਾਂ ਕਾਰੋਬਾਰੀ ਤੋਂ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ।
ਮੁਲਜ਼ਮਾਂ ਦੀ ਪਛਾਣ ਆਕਾਸ਼ਦੀਪ ਸਿੰਘ, ਵਾਸੀ ਸੈਕਟਰ-35, ਚੰਡੀਗੜ੍ਹ, ਪ੍ਰਵੀਨ ਕੁਮਾਰ, ਵਾਸੀ ਬਠਿੰਡਾ, ਜਸ਼ਨਦੀਪ ਸਿੰਘ, ਵਾਸੀ ਅੰਸਲ ਕਲੋਨੀ, ਮੋਹਾਲੀ ਅਤੇ ਦੁਸ਼ਯੰਤ ਸ਼ਰਮਾ, ਵਾਸੀ ਥਾਣਾ ਸਦਰ, ਜਗਾਧਰੀ, ਹਰਿਆਣਾ ਵਜੋਂ ਹੋਈ ਹੈ।







