- ਝੀਰਮ ਘਾਟੀ ਕਤਲੇਆਮ ਮਾਮਲਾ: 10 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ
- 13 ਸਾਲ ਬਾਅਦ ਆਇਆ ਫੈਸਲਾ
- ਦੋ ਔਰਤਾਂ ਵੀ ਸ਼ਾਮਲ
- 2013 ’ਚ ਨਕਸਲੀ ਹਮਲੇ ਦੌਰਾਨ ਕਾਂਗਰਸ ਆਗੂਆਂ ਸਮੇਤ 29 ਲੋਕਾਂ ਦੀ ਹੋਈ ਸੀ ਮੌਤ
ਛੱਤੀਸਗੜ੍ਹ, 17 ਸਤੰਬਰ (ਦੇਸ਼ ਕਲਿੱਕ ਬਿਊਰੋ: ਛੱਤੀਸਗੜ੍ਹ ਦੇ ਚਰਚਿਤ ਝੀਰਮ ਘਾਟੀ ਕਤਲੇਆਮ ਮਾਮਲੇ ਵਿੱਚ 13 ਸਾਲ ਬਾਅਦ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਜਗਦਲਪੁਰ ਦੀ NIA ਅਦਾਲਤ ਨੇ 10 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ 5 ਸਤੰਬਰ ਨੂੰ ਵਿਸ਼ੇਸ਼ ਜੱਜ ਅਭੈ ਸਿੰਘ ਰਾਜਪੂਤ ਦੀ ਅਦਾਲਤ ਨੇ ਸਾਰੇ 10 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਅਦਾਲਤ ਨੇ 101 ਗਵਾਹਾਂ ਦੇ ਬਿਆਨਾਂ, NIA ਵੱਲੋਂ ਪੇਸ਼ ਕੀਤੇ ਸਬੂਤਾਂ ਅਤੇ ਹੋਰ ਰਿਕਾਰਡ ਦੇ ਆਧਾਰ ’ਤੇ ਇਹ ਫੈਸਲਾ ਸੁਣਾਇਆ।
25 ਮਈ 2013 ਨੂੰ ਹੋਇਆ ਸੀ ਹਮਲਾ
25 ਮਈ 2013 ਨੂੰ ਦਰਭਾ ਘਾਟੀ ਦੇ ਝੀਰਮ ਵਿੱਚ ਕਾਂਗਰਸ ਦੀ ‘ਪਰਿਵਰਤਨ ਯਾਤਰਾ’ ਨੂੰ ਨਕਸਲੀਆਂ ਨੇ ਨਿਸ਼ਾਨਾ ਬਣਾਇਆ ਸੀ। ਹਮਲਾਵਰਾਂ ਨੇ ਯਾਤਰਾ ਵਿੱਚ ਸ਼ਾਮਲ ਆਗੂਆਂ ਅਤੇ ਹੋਰ ਲੋਕਾਂ ਨੂੰ ਘੇਰ ਕੇ ਗੋਲੀਬਾਰੀ ਕੀਤੀ ਸੀ। ਇਸ ਹਮਲੇ ਵਿੱਚ ਕਾਂਗਰਸ ਦੇ ਕਈ ਸੀਨੀਅਰ ਆਗੂਆਂ ਸਮੇਤ 29 ਲੋਕਾਂ ਦੀ ਮੌਤ ਹੋਈ ਸੀ। ਇਸ ਘਟਨਾ ਨੇ ਪੂਰੇ ਦੇਸ਼ ਵਿੱਚ ਹਲਚਲ ਮਚਾ ਦਿੱਤੀ ਸੀ।
ਇਨ੍ਹਾਂ 10 ਨੂੰ ਠਹਿਰਾਇਆ ਗਿਆ ਦੋਸ਼ੀ
ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਲੋਕਾਂ ਵਿੱਚ ਪ੍ਰਮਿਲਾ ਮੋਡਿਯਮ ਜੋਤੀ, ਚੈਤੂ ਲੇਕਾਮ, ਸੁਮਿਤਰਾ ਉਰਫ਼ ਸੁਮਿਤਰਾ ਪੁਨੇਮ ਮੋਡਿਯਮ, ਮੁੱਕਾ ਮੰਡਾਵੀ, ਕਵਾਸੀ ਕੋਸਾ, ਆਯਤਾ ਮਡਕਮ, ਮੜਕਮੀ ਦੇਵਾ, ਜੋਗਾ ਮੜਕਮੀ, ਬੰਜਾਮੀ ਸਨਾ ਅਤੇ ਮਹਾਦੇਵ ਸ਼ਾਮਲ ਹਨ। ਇਸਤਗਾਸਾ ਪੱਖ ਵੱਲੋਂ ਇਨ੍ਹਾਂ ਖ਼ਿਲਾਫ਼ ਹਮਲੇ ਵਿੱਚ ਸ਼ਾਮਲ ਹੋਣ, ਹਥਿਆਰ ਲੁੱਟਣ ਅਤੇ ਹਮਲੇ ਲਈ ਲੋਜਿਸਟਿਕ ਸਹਾਇਤਾ ਮੁਹੱਈਆ ਕਰਵਾਉਣ ਸਮੇਤ ਵੱਖ-ਵੱਖ ਭੂਮਿਕਾਵਾਂ ਦਾ ਜ਼ਿਕਰ ਕੀਤਾ ਗਿਆ ਸੀ। ਅਦਾਲਤ ਨੇ ਗਵਾਹੀਆਂ ਅਤੇ ਪੇਸ਼ ਕੀਤੇ ਸਬੂਤਾਂ ਦੇ ਆਧਾਰ ’ਤੇ ਇਨ੍ਹਾਂ ਨੂੰ ਦੋਸ਼ੀ ਮੰਨਿਆ।
ਬਚਾਅ ਪੱਖ ਵੱਲੋਂ ਹਾਈਕੋਰਟ ਜਾਣ ਦੀ ਤਿਆਰੀ
ਬਚਾਅ ਪੱਖ ਦੇ ਵਕੀਲ ਅਰਵਿੰਦ ਚੌਧਰੀ ਨੇ ਪਹਿਲਾਂ ਹੀ ਸੰਕੇਤ ਦਿੱਤਾ ਸੀ ਕਿ ਅਦਾਲਤ ਦੇ ਫੈਸਲੇ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ। 5 ਸਤੰਬਰ ਨੂੰ ਦੋਸ਼ ਤੈਅ ਹੋਣ ਤੋਂ ਬਾਅਦ ਉਨ੍ਹਾਂ ਕਿਹਾ ਸੀ ਕਿ ਫੈਸਲੇ ਦੀ ਕਾਪੀ ਮਿਲਣ ’ਤੇ ਪੂਰੇ ਜੱਜਮੈਂਟ ਦਾ ਅਧਿਐਨ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਹਾਈਕੋਰਟ ਵਿੱਚ ਅਪੀਲ ਦਾਇਰ ਕੀਤੀ ਜਾਵੇਗੀ।







