ਪੰਜਾਬੀਆਂ ਨੂੰ ਉੱਡਦਾ ਪੰਜਾਬ ਨਹੀਂ ਉੱਭਰਦਾ ਪੰਜਾਬ ਚਾਹੀਦਾ: ਨਿਤਿਨ ਨਬੀਨ

Top Trending News ਪੰਜਾਬ

➖ ਪੰਜਾਬੀਆਂ ਨੂੰ ਉੱਡਦਾ ਪੰਜਾਬ ਨਹੀਂ ਉੱਭਰਦਾ ਪੰਜਾਬ ਚਾਹੀਦਾ: ਨਿਤਿਨ ਨਬੀਨ

➖‘ਆਪ’ ਦਾ ਯੁੱਧ ਨਸ਼ੇ ਵਿਰੁੱਧ ਨਹੀਂ ਸੀ, ਬਲਕਿ ਨਸ਼ੇ ਮਾਫ਼ੀਆਂ ਨਾਲ ਸਕੀਰੀ ਸੀ- ਨਿਤਿਨ ਨਬੀਨ
➖ ਸੱਤਾਧਾਰੀਆਂ ਵਿੱਚ ਇੰਨਾ ਦਮ ਨਹੀਂ ਕਿ ਪੰਜਾਬ ਦੀ ਅਵਾਜ਼ ਬੰਦ ਕਰ ਸਕਣ –ਨਿਤਿਨ ਨਬੀਨ
➖ ਦੋ ਸਾਲ ਦੌਰਾਨ ਨਸ਼ੇ ਨੂੰ ਜੜ੍ਹੋਂ ਮੁਕਾ ਦਿਆਂਗੇ- ਕੇਵਲ ਢਿੱਲੋਂ
➖ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਨਿਤਿਨ ਨਬੀਨ ਨੇ ਅੱਜ ਏਕਤਾ ਸਥਲ ਮਾਧੋਪੁਰ, ਪਠਾਨਕੋਟ ਤੋਂ ਪਹਿਲੀ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਕੀਤੀ ਸ਼ੁਰੂਆਤ

ਪਠਾਨਕੋਟ / ਚੰਡੀਗੜ੍ਹ: 18 ਸਤੰਬਰ (ਦੇਸ਼ ਕਲਿੱਕ ਬਿਊਰੋ): ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਨਿਤਿਨ ਨਬੀਨ ਨੇ ਅੱਜ ਏਕਤਾ ਸਥਲ, ਮਾਧੋਪੁਰ, ਪਠਾਨਕੋਟ ਤੋਂ ਪਹਿਲੀ ਨਸ਼ਾ ਮੁਕਤ ਪੰਜਾਬ ਯਾਤਰਾ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ‘‘ਭਾਜਪਾ ਦਾ ਨਾਅਰਾ ਨਸ਼ਾ ਮੁਕਾਉਣਾ ਸਾਰਾ’’ ਦੇ ਸੰਕਲਪ ਸ਼ੁਰੂ ਹੋਈ ਨਸ਼ਾ ਮੁਕਤ ਯਾਤਰਾ 30 ਸਤੰਬਰ ਨੂੰ ਜਲੰਧਰ ਵਿਖੇ ਸਮਾਪਤ ਹੋਵੇਗੀ। ਇਸ ਮੌਕੇ ਨਿਤਿਨ ਨਬੀਨ ਨੇ ਜਿੱਥੇ ਨਸ਼ਿਆਂ ਖਿਲਾਫ਼ ਫੈਸਲਾਕੁੰਨ ਲੜਾਈ ਲੜਨ ਦਾ ਸੱਦਾ ਦਿੱਤਾ। ਉੱਥੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਕੌਮੀ ਉੱਪ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ, ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਨਸ਼ਿਆਂ ਖਿਲਾਫ਼ ਲੜਾਈ ਨੂੰ ਲੋਕ ਅੰਦੋਲਨ ਬਣਾਉਣ ਦੀ ਗੱਲ ਕਹੀ।

ਕੇਸਰੀ ਦਸਤਾਰ ਸਜਾ ਕੇ ਮੰਚ ਉੱਤੇ ਆਏ ਨਿਤਿਨ ਨਬੀਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀਆਂ ਨੂੰ ਉੱਡਦਾ ਪੰਜਾਬ ਨਹੀਂ ਉੱਭਰਦਾ ਪੰਜਾਬ ਚਾਹੀਦਾ ਹੈ, ਜਿਨ੍ਹਾਂ ਲੋਕਾਂ ਨੇ ਸੱਤਾ ਦੇ ਦਮ ਉੱਤੇ ਭ੍ਰਿਸ਼ਟਾਚਾਰ ਅਤੇ ਅਮਨ-ਕਾਨੂੰਨ ਦੀ ਹਾਲਤ ਨੂੰ ਖ਼ਰਾਬ ਕਰ ਕੇ ਪੰਜਾਬ ਨੂੰ ਨਸ਼ੇ ਨਾਲ ਬਰਬਾਦ ਕੀਤਾ ਉਨ੍ਹਾਂ ਖਿਲਾਫ਼ ਫੈਸਲਾਕੁੰਨ ਲੜਾਈ ਕਰਨ ਦਾ ਸਮਾਂ ਆ ਗਿਆ ਹੈ ।

➖ ਨਸ਼ਿਆਂ ਖਿਲਾਫ਼ ਲੜਾਈ ਦਾ ਮੂਲ ਮੰਤਰ
ਭਾਰਤੀ ਜਨਤਾ ਪਾਰਟੀ ਦੇ ਨਸ਼ੇ ਖਿਲਾਫ਼ ਲੜਾਈ ਦਾ ਮੂਲ-ਮੰਤਰ ਸਾਂਝਾ ਕਰਦਿਆਂ ਨਿਤਿਨ ਨਬੀਨ ਨੇ ਕਿਹਾ ਕਿ ਨਸ਼ਾ ਤਸਕਰਾਂ ਉੱਤੇ ਵਾਰ, ਨਸ਼ਾ ਸਪਲਾਈ ਨੈੱਟਵਰਕ ਨੂੰ ਤੋੜਨਾ, ਡਰੱਗ ਮਨੀ ਨੂੰ ਜ਼ਬਤ ਕਰਨਾ, ਨਸ਼ੇ ਦੇ ਸ਼ਿਕਾਰ ਲੋਕਾਂ ਦਾ ਪੁਨਰਵਾਸ ਕਰਨਾ ਅਤੇ ਸਮਾਜ ਦੇ ਸਹਿਯੋਗ ਨਾਲ ਨਸ਼ੇ ਖਿਲ਼ਾਫ ਲ਼ੜਾਈ ਨੂੰ ਅੱਗੇ ਤੋਰਿਆ ਜਾਵੇਗਾ । ਉਹਾ ਕਿਹਾ ਕਿ ਅੱਜ ਦਾ ਦਿਨ ਬਹੁਤ ਖਾਸ ਹੈ, ਮੈਂ ਪੰਜਾਬ ਦੇ ਘਰ-ਘਰ ਦੀ ਪੀੜਾ ਨਾਲ ਜੁੜਨ ਆਇਆ ਹਾਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਪਟਨਾ ਤੋਂ ਹਰ ਪੰਜਾਬੀ ਤੱਕ ਨਸ਼ਾ ਮੁਕਤੀ ਦਾ ਸੁਨੇਹਾ ਦੇਣ ਆਇਆ ਹਾਂ।

➖ ਭਾਜਪਾ ਦਾ ਟਰੈਕ ਰਿਕਾਰਡ
ਨਿਤਿਨ ਨਬੀਨ ਨੇ ਕਿਹਾ ਕਿ ਦੇਸ ਵਿੱਚ ਭਾਜਪਾ ਜੋ ਸੰਕਲਪ ਲੈਂਦੀ ਹੈ, ਉਸ ਨੂੰ ਪੂਰਾ ਕਰਦੀ ਹੈ। ਧਾਰਾ 370 ਨੂੰ ਹਟਾਇਆ ਦੇ ਸੰਕਲਪ ਨੂੰ ਪੂਰਾ ਕਰਨ ਲਈ ਲੰਬਾ ਸੰਘਰਸ਼ ਕੀਤਾ, ਅੱਤਵਾਦ, ਨਕਸਲਵਾਦ ਨੂੰ ਖ਼ਤਮ ਕੀਤਾ। ਹੁਣ ਭਾਜਪਾ ਨੇ 2 ਅਗਸਤ ਨੂੰ ਦੇਸ਼ ਵਿੱਚ ਨਸ਼ੇ ਨੂੰ ਖਤਮ ਕਰਨ ਦਾ ਸੰਕਲਪ ਲਿਆ ਹੈ। ਮੈਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸੰਦੇਸ਼ ਲੈ ਕੇ ਪੰਜਾਬ ਦੀ ਧਰਤੀ ਤੋਂ ਇਸ ਦੀ ਸ਼ੁਰੂਆਤ ਕਰਨ ਲਈ ਆਇਆ ਹਾਂ। ਇਹ ਭਾਜਪਾ ਦਾ ਟਰੈਕ ਰਿਕਾਰਡ ਹੈ, ਇਸ ਲਈ ਨਸ਼ੇ ਨੂੰ ਖਤਮ ਵੀ ਅਸੀਂ ਹੀ ਕਰਾਂਗੇ।

ਨਸ਼ਾ ਪੰਜਾਬ ਦੀ ਪਛਾਣ ਜਾਂ ਤਾਕਤ ਨਹੀਂ ਹੋ ਸਕਦੀ , ਪੰਜਾਬ ਦੀ ਪਛਾਣ ਵਿਰਾਸਤ, ਵਿਚਾਰ ਤੇ ਨੌਜਵਾਨੀ ਹੋਣੀ ਚਾਹੀਦੀ ਹੈ, ਪੰਜਾਬ ਦੀ ਪਛਾਣ ਗੁਰੂਆਂ ਦੀ ਬਾਣੀ , ਕਿਸਾਨਾਾਂ ਦੇ ਪਸੀਨੇ ਤੇ ਖਿਡਾਰੀਆਂ ਦੇ ਜ਼ਜਬੇ ਤੋਂ ਹੁੰਦੀ ਸੀ । ਪੰਜਾਬ ਦੇ ਲੋਕ ਨਸ਼ਿਆਂ ਦੇ ਖਿਲਾਫ ਖੁਦ ਲੜਾਈ ਲੜਨਗੇ।

➖ ਨਸ਼ੇ ਨੂੰ ਸੱਤਾ ਦੀ ਚਾਬੀ ਸਮਝਿਆ
ਨਿਤਿਨ ਨਬੀਨ ਨੇ ਕਿਹਾ ਕਿ ਸੂਬੇ ‘ਚ ਸੱਤਾ ਵਿੱਚ ਬੈਠੈ ਲੋਕਾਂ ਨੇ ਪੰਜਾਬ ਦੀ ਪਛਾਣ ਨੂੰ ਬਦਲਣ ਦਾ ਕੰਮ ਕੀਤਾ, ਸਾਡੀਆ ਪੀੜੀਆਂ ਨੂੰ ਖਤਮ ਕਰਨ ਦਾ ਕੰਮ ਕੀਤਾ। ਪੰਜਾਬ ਦੀ ਆਪ ਸਰਕਾਰ ਨੇ ਨਸ਼ੇ ਖਿਲਾਫ਼ ਲੜਾਈ ਨੂੰ ਸੱਤਾ ਦੀ ਚਾਬੀ ਸਮਝਿਆ , ਲੋਕਾਂ ਦਾ ਦਰਦ ਨਹੀਂ ਮੰਨਿਆ।

ਨਿਤਿਨ ਨਬੀਨ ਨੇ ਕਿਹਾ ਸੂਬੇ ਦੀਆਂ ਚਾਰੋਂ ਦਿਸ਼ਾਵਾਂ ਤੋਂ ਨਸ਼ਾ ਮੁਕਤ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ, ਇਨ੍ਹਾਂ ਯਾਤਰਾਵਾਂ ਦੌਰਾਨ ਪੰਜਾਬ ਦੇ ਲੋਕਾਂ ਨੂੰ ਨਸ਼ਾ ਮੁਕਤ ਅਭਿਆਨ ਨਾਲ ਜੋੜਿਆਂ ਜਾਵੇਗਾ, ਜਿਸ ਸੰਵਾਦ ਵੀ ਕੀਤਾ ਜਾਵੇਗਾ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਨਾਲ ਜੋੜਿਆ ਜਾਵੇਗਾ।

➖ ਨਸ਼ੇ ਖਿਲਾਫ਼ ਅਵਾਜ਼ ਦਬਾਉਣ ਦੀ ਕੋਸ਼ਿਸ਼
ਸੱਤਾ ਵਿੱਚ ਬੈਠੈ ਲੋਕਾਂ ਨੇ ਨਸ਼ਾ ਪੀੜਤ ਪਰਿਵਾਰਾਂ ਦਾ ਦਰਦ ਅਤੇ ਪੀੜਾ ਨਹੀ ਸਮਝੀ। ਪੰਜਾਬ ਦੀ ਆਪ ਸਰਕਾਰ ਨਸ਼ੇ ਖਿਲ਼ਾਫ ਬੋਲਣ ਵਾਲੇ ਲੋਕਾਂ ਦੀ ਅਵਾਜ਼ ਬੰਦ ਕਰਨਾ ਚਾਹੁੰਦੀ ਹੈ, ਪਰ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੀ ਅਵਾਜ਼ ਨੂੰ ਬੰਦ ਨਹੀ ਕਰ ਸਕੇਗੀ।

ਨਸ਼ੇ ਵਿਰੁੱਧ ਅਵਾਜ਼ ਉਠਾਉਣ ਵਾਲਾ ਦਲਿਤ ਭਰਾ ਸਰਕਾਰ ਦੀ ਜ਼ਿਆਦਤੀ ਕਾਰਨ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋਇਆ । ਪੀੜਤ ਪਰਿਵਾਰ ਨੂੰ ਮਿਲਣ ਜਾ ਰਹੇ ਭਾਜਪਾ ਆਗੂਆਂ ਅਤੇ ਵਰਕਰਾਂ ਨੂੰ ਆਮ ਆਦਮੀ ਦੇ ਵਰਕਰਾਂ ਦੁਆਰਾ ਰੋਕਿਆ ਗਿਆ । ਉਨ੍ਹਾਂ ਕਿਹਾ ਸੂਬਾ ਸਰਕਾਰ ਨੇ ਨਸ਼ੇ ਦੇ ਨੈਟਵਰਕ ਨੂੰ ਤੋੜਨ ਦੀ ਵਜਾਏ ਨਸ਼ਾ ਪੀੜਤ ਪਰਿਵਾਰਾਂ ਦੇ ਮਨੋਬਲ ਨੂੰ ਤੋੜਨ ਦਾ ਕੰਮ ਕੀਤਾ ।

➖ ਦੋ ਸਾਲ ਚ ਨਸ਼ੇ ਦੀ ਜੜ੍ਹ ਮੁਕਾ ਦਿਆਂਗੇ – ਕੇਵਲ ਢਿੱਲੋਂ
ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਮੰਚ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਇਹ ਇਕੱਠ ਕੋਈ ਸਿਆਸੀ ਰੈਲੀ ਨਹੀਂ ਹੈ, ਬਲਕਿ ਅਸੀਂ ਮਾਵਾਂ ਭੈਣਾਂ ਦੇ ਦੁੱਖ ਵੰਡਾਉਣ ਆਏ ਹਾਂ। ਉਨ੍ਹਾਂ ਕਿਹਾ ਕਿ ਇਹ ਲੋਕ ਅੰਦੋਲਨ ਹੈ, ਜਿਸ ਤਹਿਤ ਅਸੀਂ 117 ਹਲਕਿਆਂ ਵਿੱਚ ਘਰ-ਘਰ ਜਾਵਾਂਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੰਕਲਪ ਮੁਤਾਬਕ ਅਗਲੇ ਦੋ ਸਾਲਾਂ ਵਿੱਚ ਨਸ਼ੇ ਨੂੰ ਜੜ੍ਹੋਂ ਮੁਕਾਵਾਂਗੇ।

ਪੰਜਾਬ ਦੇ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੰਦਿਆਂ ਕੇਵਲ ਢਿੱਲੋਂ ਨੇ ਕਿਹਾ, ਅਸੀਂ ਪੰਜਾਬ ਸਰਕਾਰ ਦਾ ਚਿਹਰਾ ਬੇਨਕਾਬ ਕਰਾਂਗੇ, ਉਸ ਸਾਡੇ ਉੱਤੇ ਆਂਡੇ ਮਾਰ ਕੇ ਸਾਨੂੰ ਰੋਕ ਨਹੀਂ ਸਕਦੇ, ਇਹ ਜੁਆਕਾਂ ਵਾਲੀਆਂ ਗੱਲਾਂ ਹਨ। ਭਾਜਪਾ ਅਜਿਹੇ ਹਮਲਿਆਂ ਤੋਂ ਡਰਨ ਵਾਲੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਤਿੰਨ ਮਹੀਨਿਆਂ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਦਾਅਵਾ ਕੀਤਾ ਸੀ, ਪਰ ਹੁਣ ਹਾਲਾਤ ਇਹ ਹੈ ਕਿ ਇੱਥੇ ਪੀਜ਼ੇ ਦੀ ਡਲਿਵਰੀ ਲੇਟ ਹੋ ਸਕਦੀ ਹੈ, ਚਿੱਟੇ ਦੀ ਨਹੀਂ।

ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮਾਵਾਂ ਤੇ ਭੈਣਾ ਪੰਜਾਬ ਸਰਕਾਰ ਤੋਂ ਸਵਾਲ ਪੁੱਛਦੀਆਂ ਸਾਡੇ ਪੁੱਤ ਤੇ ਭਰਾ ਕਦੋ ਮੋੜੋਗੇ, ਪਰ ਸਰਕਾਰ ਜਵਾਬ ਦੇਣ ਦੀ ਬਜਾਇ ਨਸ਼ੇ ਖਿਲਾਫ ਬੋਲਣ ਵਾਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਇਹ ਪੰਜਾਬ ਦੀ ਅਵਾਜ਼ ਨਹੀਂ ਇਸ ਨੂੰ ਕੋਈ ਨਹੀਂ ਦਬਾ ਸਕਦਾ।

ਕੇਵਲ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਦਾ ਸਭ ਕੁਝ ਬਰਬਾਦ ਕਰ ਦਿੱਤਾ, ਪੰਜਾਬ ਦਾ ਹਰ ਵਰਗ ਦੁਖੀ ਹੈ। ਪੰਜਾਬ ਦੇ ਲੋਕ ਕਹਿ ਰਹੇ ਹਨ, ਚੋਣ ਜ਼ਾਬਤਾ ਲੱਗਣ ਲੈਣ ਦਿਓ ਪਿੰਡ-ਪਿੰਡ ਬੋਰਡ ਲਾ ਦਿਆਂਗੇ ਕਿ ‘ਆਪ’ ਵਾਲੇ ਪਿੰਡਾਂ ਵਿੱਚ ਨਹੀਂ ਵੜ ਸਕਦੇ।

➖ ਪੰਜਾਬ ਬਦਨਾਮ ਹੋ ਰਿਹਾ – ਮਨਪ੍ਰੀਤ ਬਾਦਲ
ਭਾਰਤੀ ਜਨਤਾ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਅੱਜ ਪੰਜਾਬ ਆਪਣੀ ਪਛਾਣ ਗੁਆਉਂਦਾ ਜਾ ਰਿਹਾ ਹੈ। ਪੰਜਾਬ ਦੀ ਜੋ ਤਸਵੀਰ ਪਹਿਲਾਂ ਹੁੰਦੀ ਸੀ, ਹੁਣ ਉਹ ਤਸਵੀਰ ਨਹੀਂ ਰਹੀ। ਆਏ ਦਿਨ ਨਸ਼ਿਆਂ ਕਾਰਨ ਪੰਜਾਬ ਦੇ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ, ਜਿਸ ਕਾਰਨ ਪੰਜਾਬ ਦੇਸ਼ ਭਰ ਵਿੱਚ ਬਦਨਾਮ ਹੋ ਰਿਹਾ ਹੈ।

➖ ਘਰ-ਘਰ ਦੀ ਲੜਾਈ ਹੈ- ਅਸ਼ਵਨੀ ਸ਼ਰਮਾ
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸ਼ਿਆਮ ਪ੍ਰਸਾਦ ਮੁਖਰਜੀ ਨਾਲ ਸਬੰਧਤ ਇਤਿਹਾਸਕ ਸਥਾਨ ਤੋਂ ਯਾਤਰਾ ਸ਼ੁਰੂ ਕਰ ਕੇ ਭਾਜਪਾ ਨੇ ਨਸ਼ਿਆਂ ਖਿਲਾਫ਼ ਲੋਕ ਅੰਦੋਲਨ ਸ਼ੁਰੂ ਕੀਤਾ ਹੈ। ਇਸ ਦਾ ਬੈਨਰ ਸਿਆਸੀ ਹੋ ਸਕਦਾ ਹੈ, ਪਰ ਸਮੱਸਿਆ ਘਰ-ਘਰ ਦੀ ਹੈ। ਪੰਜਾਬ ਵਿੱਚ ਯੁੱਧ ਨਸ਼ਿਆਂ ਵਿਰੁੱਧ ਪ੍ਰਚਾਰ ਬਣ ਕੇ ਰਹਿ ਗਿਆ। ਪਰ ਭਾਜਪਾ ਦੇ ਸੰਕਲਪ ਮੁਤਾਬਕ ਦੇਸ ਨੂੰ ਨਸ਼ਿਆਂ ਤੋਂ ਮੁਕਤ ਕਰਨ ਦੀ ਲੜਾਈ ਪੰਜਾਬ ਤੋਂ ਸ਼ੁਰੂ ਹੋਈ ਹੈ।

➖ ਹੋਰ ਕਿਸ ਕਿਸ ਨੇ ਸੰਬੋਧਨ ਕੀਤਾ
ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਸੰਸਦੀ ਕਮੇਟੀ ਮੈਂਬਰ ਇਕਬਾਲ ਸਿੰਘ ਲਾਲਪੁਰਾ, ਸਾਬਕਾ ਲੋਕ ਸਭਾ ਮੈਂਬਰ ਪ੍ਰਨੀਤ ਕੌਰ, ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਸਾਬਕਾ ਮੰਤਰੀ ਪੰਜਾਬ ਮਨੋਰੰਜਨ ਕਾਲੀਆ, ਮੁਕੇਰੀਆਂ ਤੋਂ ਵਿਧਾਇਕ ਜੰਗੀ ਲਾਲ ਮਹਾਜਨ, ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਦਿਨੇਸ਼ ਬੱਬੂ ਨੇ ਵੀ ਸੰਬੋਧਨ ਕੀਤਾ।

➖ ਕੌਣ-ਕੌਣ ਹਾਜ਼ਰ ਸਨ
ਪੰਜਾਬ ਮਾਮਲਿਆਂ ਦੇ ਇੰਚਾਰਜ ਸਤੀਸ਼ ਪੂਨੀਆ, ਸਹਿ ਇੰਚਾਰਜ ਸੌਦਾਨ ਸਿੰਘ, ਸਹਿ-ਇੰਚਾਰਜ ਡਾ. ਨਰਿੰਦਰ ਸਿੰਘ ਰੈਣਾ, ਰਾਜ ਸਭਾ ਮੈਂਬਰ ਤਰੁਣ ਚੁੱਘ, ਰਾਜ ਸਭਾ ਮੈਂਬਰ ਬਿਕਰਮਜੀਤ ਸਾਹਨੀ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ, ਪੰਜਾਬ ਭਾਜਪਾ ਦੇ ਜਨਰਲ ਸਕੱਤ ਅਨਿਲ ਸਰੀਨ, ਰਾਜ ਸਭਾ ਮੈਂਬਰ ਰਾਘਵ ਚੱਢਾ, ਭਾਜਪਾ ਆਗੂ ਐੱਚਐੱਸ ਫੂਲਕਾ, ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਰਾਕੇਸ਼ ਕੁਮਾਰ ਰਾਠੌਰ, ਕੇਡੀ ਭੰਡਾਰੀ, ਪੰਜਾਬ ਭਾਜਪਾ ਮਹਿਲਾ ਵਿੰਗ ਪ੍ਰਧਾਨ ਜੈਇੰਦਰ ਕੌਰ, ਅਮਨਜੋਤ ਕੌਰ ਰਾਮੂਵਾਲੀਆਂ, ਸਾਬਕਾ ਵਿਧਾਇਕ ਅਸ਼ਵਨੀ ਸ਼ੇਖੜੀ, ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਸਾਬਕਾ ਮੰਤਰੀ ਸੋਮ ਪ੍ਰਕਾਸ਼, ਸਾਬਕਾ ਲੋਕ ਸਭਾ ਮੈਂਬਰ ਪ੍ਰਨੀਤ ਕੌਰ, ਰਾਣਾ ਗੁਰਮੀਤ ਸਿੰਘ ਸੋਢੀ ਸਣੇ ਹੋਰ ਕਈ ਆਗੂ ਹਾਜ਼ਰ ਸਨ।