- ਵਧੀਆ ਤੇ ਸ਼ਲਾਘਾਯੋਗ ਸੇਵਾਵਾਂ ਬਦਲੇ ਸੁਰਿੰਦਰ ਪਾਲ ਸਿੰਘ ਨੂੰ ਇੰਸਪੈਕਟਰ ਵੱਜੋਂ ਮਿਲੀ ਤਰੱਕੀ
- ਐਸ.ਐਸ.ਪੀ. ਡਾ. ਰਵਜੋਤ ਗਰੇਵਾਲ ਨੇ ਲਗਾਏ ਸਟਾਰ; ਹੋਰ ਤਨਦੇਹੀ ਤੇ ਸਮਰਪਣ ਨਾਲ ਡਿਊਟੀ ਨਿਭਾਉਣ ਲਈ ਕੀਤਾ ਪ੍ਰੇਰਿਤ
ਸੰਗਰੂਰ, 18 ਸਤੰਬਰ (ਦੇਸ਼ ਕਲਿੱਕ ਬਿਊਰੋ): ਪੰਜਾਬ ਪੁਲਿਸ ਵਿੱਚ ਆਪਣੀ ਡਿਊਟੀ ਦੌਰਾਨ ਵਧੀਆ, ਸ਼ਲਾਘਾਯੋਗ ਅਤੇ ਸਮਰਪਿਤ ਸੇਵਾਵਾਂ ਨਿਭਾਉਣ ਬਦਲੇ ਸੁਰਿੰਦਰ ਪਾਲ ਸਿੰਘ ਨੂੰ ਇੰਸਪੈਕਟਰ ਰੈਂਕ ਵਿੱਚ ਪਦ ਉਨਤ ਕੀਤਾ ਗਿਆ ਹੈ। ਪਦ ਉਨਤੀ ਉਪਰੰਤ ਐਸ.ਐਸ.ਪੀ. ਸੰਗਰੂਰ ਡਾ. ਰਵਜੋਤ ਗਰੇਵਾਲ, ਆਈ.ਪੀ.ਐਸ. ਵੱਲੋਂ ਉਨ੍ਹਾਂ ਦੇ ਸਟਾਰ ਲਗਾ ਕੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਮੁਬਾਰਕਬਾਦ ਦਿੱਤੀ ਗਈ।
ਇਸ ਮੌਕੇ ਐਸ.ਐਸ.ਪੀ. ਰਵਜੋਤ ਗਰੇਵਾਲ ਨੇ ਇੰਸਪੈਕਟਰ ਸੁਰਿੰਦਰ ਪਾਲ ਸਿੰਘ ਨੂੰ ਪਦ ਉਨਤੀ ਲਈ ਹਾਰਦਿਕ ਵਧਾਈ ਦਿੰਦਿਆਂ ਕਿਹਾ ਕਿ ਪੁਲਿਸ ਵਿਭਾਗ ਵਿੱਚ ਇਮਾਨਦਾਰੀ, ਅਨੁਸ਼ਾਸਨ, ਤਨਦੇਹੀ ਅਤੇ ਲੋਕ ਸੇਵਾ ਦੀ ਭਾਵਨਾ ਨਾਲ ਨਿਭਾਈ ਗਈ ਡਿਊਟੀ ਦਾ ਵਿਸ਼ੇਸ਼ ਮਹੱਤਵ ਹੈ। ਉਨ੍ਹਾਂ ਕਿਹਾ ਕਿ ਪਦ ਉਨਤੀ ਜਿੱਥੇ ਕਿਸੇ ਅਧਿਕਾਰੀ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਦੀ ਮਾਨਤਾ ਹੁੰਦੀ ਹੈ, ਉੱਥੇ ਇਸ ਨਾਲ ਉਸ ਦੀਆਂ ਜ਼ਿੰਮੇਵਾਰੀਆਂ ਵਿੱਚ ਵੀ ਵਾਧਾ ਹੁੰਦਾ ਹੈ।
ਉਨ੍ਹਾਂ ਆਸ ਪ੍ਰਗਟਾਈ ਕਿ ਇੰਸਪੈਕਟਰ ਸੁਰਿੰਦਰ ਪਾਲ ਸਿੰਘ ਆਪਣੇ ਨਵੇਂ ਅਹੁਦੇ ’ਤੇ ਵੀ ਪੂਰੀ ਲਗਨ, ਮਿਹਨਤ ਅਤੇ ਪੇਸ਼ੇਵਰ ਵਚਨਬੱਧਤਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਪੁਲਿਸ ਵਿਭਾਗ ਦੀ ਸਾਖ਼ ਨੂੰ ਹੋਰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਉਣਗੇ।
ਐਸ.ਐਸ.ਪੀ. ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀਆਂ ਚੰਗੀਆਂ ਸੇਵਾਵਾਂ ਉਨ੍ਹਾਂ ਦੇ ਸਾਥੀਆਂ ਲਈ ਵੀ ਪ੍ਰੇਰਨਾ ਦਾ ਸਰੋਤ ਬਣਦੀਆਂ ਹਨ। ਉਨ੍ਹਾਂ ਸਮੂਹ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ, ਨਿਰਪੱਖਤਾ ਅਤੇ ਲੋਕਾਂ ਪ੍ਰਤੀ ਸੰਵੇਦਨਸ਼ੀਲਤਾ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਇੰਸਪੈਕਟਰ ਸੁਰਿੰਦਰ ਪਾਲ ਸਿੰਘ ਨੂੰ ਉਨ੍ਹਾਂ ਦੀ ਪਦ ਉਨਤੀ ਲਈ ਹਾਰਦਿਕ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਅਤੇ ਪੁਲਿਸ ਵਿਭਾਗ ਵਿੱਚ ਹੋਰ ਬਿਹਤਰ ਸੇਵਾਵਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।








