ਪਹਾੜਾਂ ‘ਚ ਵਧੀ ਠੰਢ: ਕੁੱਲੂ ‘ਚ ਫਟਿਆ ਬੱਦਲ! ਮਣਿਮਹੇਸ਼ ‘ਚ ਠੰਢ ਲੱਗਣ ਨਾਲ ਵਿਅਕਤੀ ਦੀ ਮੌਤ
ਹਿਮਾਚਲ ਪ੍ਰਦੇਸ਼, 20 ਸਤੰਬਰ 2026-
ਇੱਕ ਪਾਸੇ ਜਿੱਥੇ ਕਈ ਇਲਾਕਿਆਂ ਦੇ ਵਿੱਚ ਇਸ ਵੇਲੇ ਮੀਂਹ ਦਾ ਕਹਿਰ ਜਾਰੀ ਹੈ, ਉਥੇ ਹੀ ਦੂਜੇ ਪਾਸੇ ਪਹਾੜਾਂ ਦੇ ਵਿੱਚ ਬਰਫ ਪੈਣੀ ਸ਼ੁਰੂ ਹੋ ਗਈ ਹੈ। ਜਾਣਕਾਰੀ ਦੇ ਮੁਤਾਬਕ ਹਿਮਾਚਲ ਪ੍ਰਦੇਸ਼ ‘ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਤੋਂ ਬਾਅਦ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਬਦਲ ਗਿਆ ਹੈ।
ਰੋਹਤਾਂਗ, ਬਾਰਾਲਾਚਾ, ਸ਼ਿੰਕੁਲਾ ਸਮੇਤ ਧੌਲਾਧਾਰ ਦੀਆਂ ਪਹਾੜੀਆਂ ’ਤੇ ਹੋਈ ਬਰਫ਼ਬਾਰੀ ਕਾਰਨ ਸੂਬੇ ਦੇ ਪਹਾੜੀ ਇਲਾਕਿਆਂ ਵਿੱਚ ਸਵੇਰੇ ਅਤੇ ਸ਼ਾਮ ਦੇ ਸਮੇਂ ਠੰਢ ਕਾਫ਼ੀ ਵਧ ਗਈ ਹੈ। ਜਾਣਕਾਰੀ ਅਨੁਸਾਰ ਮਣਿਮਹੇਸ਼ ‘ਚ ਠੰਢ ਲੱਗਣ ਨਾਲ ਵਿਅਕਤੀ ਦੀ ਮੌਤ ਹੋ ਗਈ ਹੈ।
ਦੱਸਦੇ ਚੱਲੀਏ ਕਿ ਇੱਕ ਪਾਸੇ ਜਿੱਥੇ ਧੁੱਪ ਖਿੜੀ ਰਹੀ, ਉੱਥੇ ਹੀ ਕੁੱਲੂ ਜ਼ਿਲ੍ਹੇ ਦੀ ਸੈਂਜ ਘਾਟੀ ਦੀ ਸੁਚੈਹਣ ਪੰਚਾਇਤ ਅਧੀਨ ਆਉਂਦੇ ਨੂਹਾਡਾ ਵਾਟਰਫਾਲ ਇਲਾਕੇ ਵਿੱਚ ਬੱਦਲ ਫਟਣ ਕਾਰਨ ਭਾਰੀ ਤਬਾਹੀ ਹੋਈ ਹੈ।
ਤੇਜ਼ ਮੀਂਹ ਤੋਂ ਬਾਅਦ ਆਏ ਹੜ੍ਹ ਅਤੇ ਮਲਬੇ ਕਾਰਨ ਇਲਾਕੇ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਹੜ੍ਹ ਦੇ ਤੇਜ਼ ਬਹਾਅ ਵਿੱਚ ਲਗਭਗ 6 ਪੁਲੀਆਂ ਰੁੜ੍ਹ ਗਈਆਂ ਅਤੇ ਪਿੰਡਾਂ ਨੂੰ ਆਪਸ ਵਿੱਚ ਜੋੜਨ ਵਾਲੇ ਪੈਦਲ ਰਸਤੇ ਵੀ ਤਬਾਹ ਹੋ ਗਏ।








