ASI ’ਤੇ ਗੋਲੀ ਚਲਾਉਣ ਵਾਲਾ ਮੁਲਜ਼ਮ ਪੁਲਿਸ ਹਿਰਾਸਤ ’ਚੋਂ ਫਰਾਰ, ਇਕ ਪੁਲਿਸ ਮੁਲਾਜ਼ਮ ਮੁਅੱਤਲ
ਅਜਨਾਲਾ (ਅੰਮ੍ਰਿਤਸਰ), 24 ਸਤੰਬਰ 2026- ਅਜਨਾਲਾ ਨੇੜਲੇ ਪਿੰਡ ਭਲਾ ਪਿੰਡ ਵਿਖੇ ਏਐੱਸਆਈ ਜਸਵੰਤ ਸਿੰਘ ਨੂੰ ਗੋਲੀ ਮਾਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਕਰਨ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ। ਮੁਲਜ਼ਮ ਦੇ ਫਰਾਰ ਹੋਣ ਮਗਰੋਂ ਪੁਲਿਸ ਨੇ ਉਸ ਦੀ ਭਾਲ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਅਨੁਸਾਰ ਪੁਲਿਸ ਟੀਮ ਬੀਤੇ ਦਿਨ ਮੁਲਜ਼ਮ ਕਰਨ ਨੂੰ ਬਰਾਮਦਗੀ ਲਈ ਮਜੀਠਾ ਇਲਾਕੇ ਵਿੱਚ ਲੈ ਕੇ ਗਈ ਸੀ। ਇਸ ਦੌਰਾਨ ਉਹ ਪੁਲਿਸ ਪਾਰਟੀ ਨੂੰ ਚਕਮਾ ਦੇ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਘਟਨਾ ਵਿੱਚ ਲਾਪਰਵਾਹੀ ਦੇ ਦੋਸ਼ ਹੇਠ ਇਕ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ 11 ਸਤੰਬਰ ਦੀ ਰਾਤ ਭਲਾ ਪਿੰਡ ਵਿਖੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਲਾਈਨ ਵਿੱਚ ਤਾਇਨਾਤ ਏਐੱਸਆਈ ਜਸਵੰਤ ਸਿੰਘ ਮੋਟਰਸਾਈਕਲ ’ਤੇ ਅਜਨਾਲਾ ਸਥਿਤ ਆਪਣੇ ਘਰ ਜਾ ਰਹੇ ਸਨ।
ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਪਿੱਛਾ ਕਰਕੇ ਉਨ੍ਹਾਂ ’ਤੇ ਗੋਲੀ ਚਲਾਈ ਸੀ। ਗੋਲੀ ਪੱਗ ਨੂੰ ਛੂਹਦੀ ਹੋਈ ਸਿਰ ਦੇ ਕੋਲੋਂ ਲੰਘ ਗਈ, ਜਿਸ ਕਾਰਨ ਏਐੱਸਆਈ ਨੂੰ ਮਾਮੂਲੀ ਸੱਟ ਲੱਗੀ ਸੀ। ਰਾਜਾਸਾਂਸੀ ਪੁਲਿਸ ਨੇ ਕਰਨ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਤੋਂ ਪੰਜ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ।







