Punjab News: ਜਨਮ ਦਿਨ ਦੀ ਪਾਰਟੀ ਦੌਰਾਨ ਚੱਲੀ ਗੋਲੀ; ਨੌਜਵਾਨ ਦੀ ਮੌਤ
ਮਾਨਾਂਵਾਲਾ, 24 ਸਤੰਬਰ 2026: ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ ’ਤੇ ਸਥਿਤ ਕਸਬਾ ਮਾਨਾਂਵਾਲਾ ਵਿਖੇ ਇੱਕ ਨਿੱਜੀ ਕਲੋਨੀ ਵਿੱਚ ਜਨਮ ਦਿਨ ਦੀ ਪਾਰਟੀ ਦੌਰਾਨ ਗੋਲੀ ਚੱਲਣ ਕਾਰਨ ਇੱਕ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ।
ਪੁਲਿਸ ਚੌਕੀ ਦੋਬੁਰਜੀ ਦੇ ਇੰਚਾਰਜ ਸੁਖਦੇਵ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਕਾਰੋਬਾਰੀ ਪਵਨ ਕੁਮਾਰ ਵਰਮਾ, ਵਾਸੀ ਬਸੰਤ ਐਵੀਨਿਊ, ਅੰਮ੍ਰਿਤਸਰ, ਵੱਲੋਂ ਮਾਨਾਂਵਾਲਾ ਸਥਿਤ ਆਪਣੀ ਨਿੱਜੀ ਕਲੋਨੀ ਵਿੱਚ ਬਣੇ ਫਾਰਮ ਹਾਊਸ ਵਿਖੇ ਜਨਮ ਦਿਨ ਦੀ ਪਾਰਟੀ ਰੱਖੀ ਗਈ ਸੀ। ਪਾਰਟੀ ਦੌਰਾਨ ਅਚਾਨਕ ਗੋਲੀ ਚੱਲ ਗਈ।
ਇਸ ਗੋਲੀਬਾਰੀ ਦੀ ਘਟਨਾ ਵਿੱਚ ਪਵਨ ਕੁਮਾਰ ਵਰਮਾ ਦੇ ਸਾਲੇ ਦੇ ਲੜਕੇ ਅਭੈ ਵੀਰ ਪੁਰੀ ਪੁੱਤਰ ਰਾਜੀਵ ਪੁਰੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਗੋਲੀ ਚੱਲਣ ਦੇ ਕਾਰਨਾਂ ਅਤੇ ਘਟਨਾ ਨਾਲ ਸਬੰਧਤ ਹੋਰ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।







