ਟਰੰਪ ਵੱਲੋਂ UFC ਮੁਖੀ ਡਾਨਾ ਵ੍ਹਾਈਟ ਨੂੰ ਵ੍ਹਾਈਟ ਹਾਊਸ ਦਾ ਪ੍ਰੈੱਸ ਸਕੱਤਰ ਬਣਨ ਦੀ ਪੇਸ਼ਕਸ਼
ਅਮਰੀਕਾ 8 ਨਵੰਬਰ 2026
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਪੁਰਾਣੇ ਦੋਸਤ ਅਤੇ ਯੂਐੱਫਸੀ (UFC) ਦੇ ਮੁਖੀ ਡਾਨਾ ਵ੍ਹਾਈਟ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ ਦੀ ਪੇਸ਼ਕਸ਼ ਕਰਕੇ ਸਿਆਸੀ ਤੇ ਖੇਡ ਜਗਤ ਵਿੱਚ ਚਰਚਾ ਛੇੜ ਦਿੱਤੀ ਹੈ। ਟਰੰਪ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ’ਤੇ ਪੋਸਟ ਸਾਂਝੀ ਕਰਦਿਆਂ ਡਾਨਾ ਵ੍ਹਾਈਟ ਨੂੰ ਵ੍ਹਾਈਟ ਹਾਊਸ ਦਾ ਪ੍ਰੈੱਸ ਸਕੱਤਰ ਬਣਨ ਦਾ ਆਫ਼ਰ ਦਿੱਤਾ।
ਟਰੰਪ ਨੇ ਡਾਨਾ ਵ੍ਹਾਈਟ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ਇਕ ‘ਫਾਈਟਰ ਅਤੇ ਯੋਧਾ’ ਦੱਸਿਆ। ਉਨ੍ਹਾਂ ਨੇ ਮਜ਼ਾਕੀਆ ਅੰਦਾਜ਼ ਵਿੱਚ ਇਹ ਵੀ ਕਿਹਾ ਕਿ ਜੇਕਰ ਡਾਨਾ ਵ੍ਹਾਈਟ ਇਹ ਜ਼ਿੰਮੇਵਾਰੀ ਸੰਭਾਲਦੇ ਹਨ ਤਾਂ ਉਹ ਆਪਣੇ ਨਾਲ ਯੂਐੱਫਸੀ ਦੇ ਛੇ ਵੱਡੇ ਫਾਈਟਰਾਂ ਨੂੰ ਵੀ ਵ੍ਹਾਈਟ ਹਾਊਸ ਲੈ ਕੇ ਆਉਣ।
ਇਨ੍ਹਾਂ ਫਾਈਟਰਾਂ ਵਿੱਚ ਰੂਸ ਦੇ ਮਸ਼ਹੂਰ ਮਿਕਸਡ ਮਾਰਸ਼ਲ ਆਰਟਸ ਖਿਡਾਰੀ ਖਬੀਬ ਨੂਰਮਗੋਮੇਦੋਵ ਅਤੇ ਇਸਲਾਮ ਮਖਾਚੇਵ ਦੇ ਨਾਂ ਵੀ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਅਤੇ ਡਾਨਾ ਵ੍ਹਾਈਟ ਵਿਚਾਲੇ ਲੰਬੇ ਸਮੇਂ ਤੋਂ ਦੋਸਤੀ ਹੈ। ਟਰੰਪ ਕਈ ਵਾਰ ਯੂਐੱਫਸੀ ਦੇ ਮੁਕਾਬਲਿਆਂ ਵਿੱਚ ਵੀ ਸ਼ਿਰਕਤ ਕਰ ਚੁੱਕੇ ਹਨ। ਹਾਲਾਂਕਿ, ਡਾਨਾ ਵ੍ਹਾਈਟ ਵੱਲੋਂ ਇਸ ਪੇਸ਼ਕਸ਼ ਨੂੰ ਸਵੀਕਾਰ ਕਰਨ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।





