Breaking- ਬਰਖ਼ਾਸਤ AIG ਰਾਜਜੀਤ ਸਿੰਘ ਨੇ ਕੀਤਾ ਸਰੰਡਰ
ਪਟਿਆਲਾ, 24 ਸਤੰਬਰ 2026- ਪੰਜਾਬ ਪੁਲਿਸ ਦੇ ਬਰਖ਼ਾਸਤ AIG ਰਾਜਜੀਤ ਸਿੰਘ ਹੁੰਦਲ ਨੇ ਕਰੀਬ ਛੇ ਸਾਲ ਤੱਕ ਫਰਾਰ ਰਹਿਣ ਤੋਂ ਬਾਅਦ ਆਖ਼ਰਕਾਰ ਸਰੰਡਰ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਰਾਜਜੀਤ ਸਿੰਘ ਨੇ ਪਟਿਆਲਾ ਵਿੱਚ ਸਰੰਡਰ ਕੀਤਾ ਹੈ। ਉਸ ਵੱਲੋਂ ਸੁਪਰੀਮ ਕੋਰਟ ਵਿੱਚ ਵੀ ਸਰੰਡਰ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ।
ਰਾਜਜੀਤ ਸਿੰਘ ਦਾ ਨਾਮ ਪੰਜਾਬ ਵਿੱਚ ਸਾਹਮਣੇ ਆਏ ਬਹੁਚਰਚਿਤ ਨਸ਼ਾ ਤਸਕਰੀ ਅਤੇ NDPS ਮਾਮਲੇ ਨਾਲ ਜੁੜਿਆ ਹੋਇਆ ਹੈ। ਇਹ ਮਾਮਲਾ 50 ਤੋਂ ਵੱਧ NDPS ਸੈਂਪਲਾਂ ਦੇ ਫੇਲ ਹੋਣ ਨਾਲ ਵੀ ਸਬੰਧਤ ਦੱਸਿਆ ਜਾਂਦਾ ਹੈ। ਇਸ ਮਾਮਲੇ ਵਿੱਚ ਉਸ ਖ਼ਿਲਾਫ਼ ਗੰਭੀਰ ਦੋਸ਼ ਲੱਗੇ ਸਨ, ਜਿਸ ਤੋਂ ਬਾਅਦ ਉਹ ਲੰਬੇ ਸਮੇਂ ਤੋਂ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਸੀ।
ਰਾਜਜੀਤ ਸਿੰਘ ਨੂੰ ਪੰਜਾਬ ਪੁਲਿਸ ਵਿੱਚੋਂ ਬਰਖ਼ਾਸਤ ਕੀਤਾ ਜਾ ਚੁੱਕਾ ਹੈ। ਉਸ ਦੇ ਸਰੰਡਰ ਤੋਂ ਬਾਅਦ ਹੁਣ ਜਾਂਚ ਏਜੰਸੀਆਂ ਵੱਲੋਂ ਮਾਮਲੇ ਨਾਲ ਸਬੰਧਤ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿੱਚ NDPS ਕੇਸਾਂ ਦੀ ਜਾਂਚ, ਸੈਂਪਲਿੰਗ ਅਤੇ ਸਬੰਧਤ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਨੂੰ ਲੈ ਕੇ ਪਹਿਲਾਂ ਵੀ ਸਵਾਲ ਉੱਠਦੇ ਰਹੇ ਹਨ।








