ਐਮ.ਆਰ.ਐਸ.ਪੀ.ਟੀ.ਯੂ. ਵਿਦਿਆਰਥੀ ਅਨਮੋਲ ਰਾਜਨ ਆਈ.ਐਸ.ਟੀ.ਈ. ਬੈਸਟ ਸਟੂਡੈਂਟ ਐਵਾਰਡ-2026 ਨਾਲ ਸਨਮਾਨਿਤ…..

Top Trending News ਪੰਜਾਬ
  • ਐਮ.ਆਰ.ਐਸ.ਪੀ.ਟੀ.ਯੂ. ਵਿਦਿਆਰਥੀ ਅਨਮੋਲ ਰਾਜਨ ਆਈ.ਐਸ.ਟੀ.ਈ. ਬੈਸਟ ਸਟੂਡੈਂਟ ਐਵਾਰਡ-2026 ਨਾਲ ਸਨਮਾਨਿਤ…..

ਬਠਿੰਡਾ, 26 ਸਤੰਬਰ: (ਦੇਸ਼ ਕਲਿੱਕ ਬਿਊਰੋ): ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਦੇ ਫਾਰਮਾਸਿਊਟੀਕਲ ਸਾਇੰਸਜ਼ ਐਂਡ ਟੈਕਨਾਲੋਜੀ ਵਿਭਾਗ ਦੇ ਐਮ.ਫਾਰਮ (ਫਾਰਮਾਸਿਊਟਿਕਸ) ਦੇ ਵਿਦਿਆਰਥੀ ਅਨਮੋਲ ਰਾਜਨ ਨੂੰ ਅਕਾਦਮਿਕ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ, ਸਮਰਪਣ ਅਤੇ ਫਾਰਮਾਸਿਊਟੀਕਲ ਸਾਇੰਸਜ਼ ਦੇ ਖੇਤਰ ਵਿੱਚ ਪਾਏ ਮਹੱਤਵਪੂਰਨ ਯੋਗਦਾਨ ਲਈ ਵੱਕਾਰੀ ਇੰਡੀਅਨ ਸੋਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ (ਆਈ.ਐਸ.ਟੀ.ਈ.) ਬੈਸਟ ਸਟੂਡੈਂਟ ਐਵਾਰਡ-2026 ਨਾਲ ਸਨਮਾਨਿਤ ਕੀਤਾ ਗਿਆ ਹੈ।

ਇਹ ਐਵਾਰਡ ਆਈ.ਐਸ.ਟੀ.ਈ. ਸਟੂਡੈਂਟ ਕਨਵੈਨਸ਼ਨ-2026 ਦੌਰਾਨ ਪ੍ਰਦਾਨ ਕੀਤਾ ਗਿਆ, ਜਿਸ ਦੀ ਮੇਜ਼ਬਾਨੀ ਐਮ.ਆਈ.ਈ.ਟੀ., ਜੰਮੂ ਵੱਲੋਂ ਕੀਤੀ ਗਈ। ਇਸ ਮੌਕੇ ਅਨਮੋਲ ਰਾਜਨ ਦੀ ਅਕਾਦਮਿਕ ਉੱਤਮਤਾ, ਖੋਜ ਕਾਰਜਾਂ ਅਤੇ ਪੇਸ਼ੇਵਰ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਵਿਸ਼ੇਸ਼ ਤੌਰ ’ਤੇ ਮਾਨਤਾ ਦਿੱਤੀ ਗਈ।

ਪ੍ਰੋ. ਆਸ਼ੀਸ਼ ਬਾਲਦੀ ਅਤੇ ਡਾ. ਯਾਦਵਿੰਦਰ ਪਾਲ ਸ਼ਰਮਾ ਦੀ ਅਗਵਾਈ ਹੇਠ ਕੰਮ ਕਰਦਿਆਂ ਅਨਮੋਲ ਰਾਜਨ ਨੇ ਅਕਾਦਮਿਕ ਅਤੇ ਖੋਜ ਦੇ ਖੇਤਰ ਵਿੱਚ ਸ਼ਲਾਘਾਯੋਗ ਸਮਰਪਣ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ।

ਵਾਈਸ ਚਾਂਸਲਰ ਪ੍ਰੋ. ਸੰਜੀਵ ਕੁਮਾਰ ਸ਼ਰਮਾ ਅਤੇ ਰਜਿਸਟਰਾਰ ਪ੍ਰੋ. ਪਰਮਜੀਤ ਸਿੰਘ ਨੇ ਅਨਮੋਲ ਰਾਜਨ ਨੂੰ ਇਸ ਮਾਣਮੱਤੀ ਪ੍ਰਾਪਤੀ ’ਤੇ ਵਧਾਈ ਦਿੱਤੀ ਅਤੇ ਉਸ ਦੀ ਇਸ ਉਪਲਬਧੀ ਨੂੰ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਦੱਸਿਆ।

ਯੂਨੀਵਰਸਿਟੀ ਅਧਿਕਾਰੀਆਂ ਨੇ ਪ੍ਰੋ. ਆਸ਼ੀਸ਼ ਬਾਲਦੀ ਅਤੇ ਡਾ. ਯਾਦਵਿੰਦਰ ਪਾਲ ਸ਼ਰਮਾ ਨੂੰ ਵੀ ਉਨ੍ਹਾਂ ਦੀ ਅਗਵਾਈ ਅਤੇ ਮਾਰਗਦਰਸ਼ਨ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਅਕਾਦਮਿਕ ਅਤੇ ਖੋਜ ਕਾਰਜਾਂ ਵਿੱਚ ਨਿਰੰਤਰ ਸਫਲਤਾ ਦੀ ਕਾਮਨਾ ਕੀਤੀ।