- ਪਤੀ ਦੀ ਹੱਤਿਆ ਕਰਕੇ ਲਾਸ਼ ਗਟਰ ’ਚ ਸੁੱਟਣ ਵਾਲੀ ਪਤਨੀ ਤੇ ਪ੍ਰੇਮੀ ਨੂੰ ਉਮਰ ਕੈਦ
ਪੰਚਕੂਲਾ, 30 ਸਤੰਬਰ (ਦੇਸ਼ ਕਲਿੱਕ ਬਿਊਰੋ): ਪੰਚਕੂਲਾ ਵਿੱਚ ਪਤੀ ਦੀ ਹੱਤਿਆ ਕਰਕੇ ਉਸ ਦੀ ਲਾਸ਼ ਗਟਰ ਵਿੱਚ ਸੁੱਟਣ ਦੇ ਮਾਮਲੇ ਵਿੱਚ ਅਦਾਲਤ ਨੇ ਇੱਕ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਦੋਵਾਂ ਦੋਸ਼ੀਆਂ ’ਤੇ 52 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਸਜ਼ਾ ਪਾਉਣ ਵਾਲਿਆਂ ਦੀ ਪਛਾਣ ਅਨੀਤਾ ਦੇਵੀ ਅਤੇ ਉਸ ਦੇ ਪ੍ਰੇਮੀ ਸੰਜੇ ਕੁਮਾਰ ਵਜੋਂ ਹੋਈ ਹੈ। ਦੋਵਾਂ ਨੂੰ ਸ਼ੁੱਕਰਵਾਰ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ।
ਸੁਣਵਾਈ ਦੌਰਾਨ ਸਰਕਾਰੀ ਵਕੀਲ ਪ੍ਰਦੀਪ ਸ਼ਰਮਾ ਨੇ ਅਦਾਲਤ ਵਿੱਚ ਮਾਮਲੇ ਨਾਲ ਸਬੰਧਤ ਸਬੂਤ ਪੇਸ਼ ਕੀਤੇ। ਉਨ੍ਹਾਂ ਦਲੀਲ ਦਿੱਤੀ ਕਿ ਦੋਸ਼ੀਆਂ ਨੇ ਗੰਭੀਰ ਅਪਰਾਧ ਕੀਤਾ ਹੈ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਰਿਆਇਤ ਨਹੀਂ ਦਿੱਤੀ ਜਾਣੀ ਚਾਹੀਦੀ। ਸਰਕਾਰੀ ਪੱਖ ਨੇ ਦੋਵਾਂ ਨੂੰ ਵੱਧ ਤੋਂ ਵੱਧ ਸਜ਼ਾ ਦੇਣ ਦੀ ਮੰਗ ਕੀਤੀ।
ਇਸ ਮਾਮਲੇ ਵਿੱਚ 3 ਫਰਵਰੀ 2022 ਨੂੰ ਹੱਤਿਆ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਮ੍ਰਿਤਕ ਦੀ ਪਛਾਣ ਸੀਆਰਾਮ ਸਾਹ ਵਜੋਂ ਹੋਈ ਸੀ। ਉਹ ਮੂਲ ਰੂਪ ਵਿੱਚ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਪ੍ਰਤਾਪਨਗਰ ਡਾਕਖਾਨੇ ਅਧੀਨ ਪੈਂਦੇ ਪਿੰਡ ਖਲੀਲਪੁਰ ਦਾ ਰਹਿਣ ਵਾਲਾ ਸੀ। ਸੀਆਰਾਮ ਸਾਹ ਆਪਣੀ ਪਤਨੀ ਨਾਲ ਪੰਚਕੂਲਾ ਦੇ ਸੈਕਟਰ-26 ਸਥਿਤ ਮਦਨਪੁਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਅਤੇ ਮਿਸਤਰੀ ਦਾ ਕੰਮ ਕਰਦਾ ਸੀ।







