- ਕਲਮਛੋੜ ਹੜਤਾਲ ਕਾਰਨ ਡੀ.ਸੀ. ਦਫ਼ਤਰਾਂ ਵਿੱਚ ਪੱਸਰਿਆ ਸੰਨਾਟਾ
- ਮਾਮਲਾ ਡੀ.ਸੀ. ਮਲੇਰਕੋਟਲਾ ਵੱਲੋਂ ਭੱਦੀ ਸ਼ਬਦਾਵਲੀ ਵਰਤਣ ਦਾ
ਸ਼੍ਰੀ ਮੁਕਤਸਰ ਸਾਹਿਬ, 6 ਅਕਤੂਬਰ (ਦੇਸ਼ ਕਲਿੱਕ ਬਿਊਰੋ) – ਪੰਜਾਬ ਰਾਜ ਜਿਲ੍ਹਾ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਜਿਲ੍ਹਾ ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਦੇ ਵਿਰੁੱਧ ਤਿੱਖਾ ਸੰਘਰਸ਼ ਉਲੀਕ ਦਿੱਤਾ ਹੈ, ਜਿਸਦੇ ਚਲਦਿਆਂ ਅੱਜ ਪੰਜਾਬ ਦੇ ਸਮੁੱਚੇ ਜਿਲ੍ਹਿਆਂ ਦੇ ਡੀ.ਸੀ. ਦਫ਼ਤਰ, ਐਸ.ਡੀ.ਐਮ. ਦਫ਼ਤਰ, ਤਹਿਸੀਲਾਂ ਅਤੇ ਸਬ ਤਹਿਸੀਲਾਂ ਦੇ ਕਰਮਚਾਰੀਆਂ ਵੱਲੋਂ ਮੁਕੰਮਲ ਕਲਮਛੋੜ ਹੜਤਾਲ ਕਰਦਿਆਂ ਕੰਮ ਠੱਪ ਰੱਖਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮਲੇਰਕੋਟਲਾ ਵੱਲੋਂ ਆਪਣੇ ਹੀ ਸਟਾਫ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ ਅਤੇ ਬੇਇੱਜਤ ਕੀਤਾ ਜਾਂਦਾ ਹੈ ਜਿਸ ਕਾਰਨ ਪੜ੍ਹੇ ਲਿਖੇ ਕਰਮਚਾਰੀਆਂ ਨੂੰ ਮਾਨਸਿਕ ਤਣਾਅ ਵਿੱਚੋਂ ਗੁਜਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਬਦਲੇ ਦੀ ਭਾਵਨਾ ਦੇ ਨਾਲ ਵਿਰੋਧ ਕਰਨ ਵਾਲੇ ਕਰਮਚਾਰੀਆਂ ਵਿੱਚੋਂ ਇੱਕ ਦੇ ਵਿਰੁੱਧ ਬਿਨਾਂ ਕਿਸੇ ਖਾਸ ਦੋਸ਼ ਦੇ ਚਾਰਜਸ਼ੀਟ ਜਾਰੀ ਕੀਤੀ ਗਈ ਅਤੇ ਰੰਜਿਸ਼ ਤਹਿਤ ਬਦਲੇ ਦੀ ਭਾਵਨਾ ਨਾਲ ਉਨ੍ਹਾਂ ਕਰਮਚਾਰੀਆਂ ਦੀਆਂ ਵਿੱਤੀ ਸਾਲ ਦੀਆਂ ਏ.ਸੀ.ਆਰਜ਼ ਤੇ ਸਹੀ ਗਰੇਡਿੰਗ ਨਹੀਂ ਦਿੱਤੀ ਗਈ। ਡਿਪਟੀ ਕਮਿਸ਼ਨਰ ਦੇ ਇਸ ਰਵੱਈਏ ਦੇ ਵਿਰੁੱਧ ਯੂਨੀਅਨ ਦੀ ਸੂਬਾ ਬਾਡੀ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਮਿਤੀ: 6 ਤੋਂ 9 ਅਕਤੂਬਰ ਤੱਕ ਪੰਜਾਬ ਦੇ ਸਮੱਚੇ ਡੀ.ਸੀ. ਦਫ਼ਤਰਾਂ ਵਿੱਚ ਸਾਰਾ ਦਿਨ ਕੰਮ ਬੰਦ ਕਰਕੇ ਜਿਲ੍ਹਿਆਂ ਵਿੱਚ 2 ਘੰਟੇ ਜਿਲ੍ਹਾ ਪੱਧਰੀ ਧਰਨਾ ਲਗਾਇਆ ਜਾਵੇਗਾ, 7 ਅਕਤੂਬਰ ਨੂੰ ਸੂਬੇ ਦੇ ਸਾਰੇ ਜਿਲ੍ਹਿਆਂ ਅੰਦਰ ਡਿਪਟੀ ਕਮਿਸ਼ਨਰ ਦੇ ਪੁਤਲੇ ਫੂਕੇ ਜਾਣਗੇ, ਮਿਤੀ: 8 ਅਕਤੂਬਰ ਨੂੰ ਇਕੱਲੇ ਜਿਲ੍ਹਾ ਮਲੇਰਕੋਟਲਾ ਦੇ ਬਜਾਰਾਂ ਵਿੱਚ ਡੀ.ਸੀ. ਵਿਰੁੱਧ ਰੋਸ ਮਾਰਚ ਕੀਤਾਜਾਵੇਗਾ ਅਤੇ ਮਿਤੀ: 9 ਅਕਤੂਬਰ ਨੂੰ ਡੀ.ਸੀ. ਮਲੇਰਕੋਟਲਾ ਦੇ ਵਿਰੁੱਧ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ ਜਿਸਦੀ ਸਾਰੀ ਜ਼ਿੰਮੇਵਾਰੀ ਡਿਪਟੀ ਕਮਿਸ਼ਨਰ ਮਲੇਰਕੋਟਲਾ ਦੀ ਹੋਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜੁਗਰਾਜ ਸਿੰਘ ਸੁਪਰਡੰਟ ਗ੍ਰੇਡ-1, ਰਾਕੇਸ਼ ਕੁਮਾਰ ਸੁਪਰਡੰਟ, ਗੁਰਮੀਤ ਪਾਲ ਰੀਡਰ, ਹਰੀਸ਼ ਕੁਮਾਰ ਰੀਡਰ, ਰੁਪਿੰਦਰ ਸਿੰਘ ਬਾਠ, ਜਗਪ੍ਰੀਤ ਸਿੰਘ, ਹਰਬੰਸ ਸਿੰਘ, ਰਣਜੀਤ ਸਿੰਘ, ਰਾਜੇਸ਼ ਕਪੂਰ, ਗਗਨਦੀਪ ਸਿੰਘ ਭਾਟੀਆ, ਬਲਰਾਜ, ਜਸਵੀਰ ਕੌਰ, ਕੁਲਵੰਤ ਕੌਰ, ਸੁਖਪਾਲ ਕੌਰ, ਰਜਨੀ ਬਾਲਾ, ਕੁਲਵਿੰਦਰ ਕੌਰ ਆਦਿ ਵੱਡੀ ਗਿਣਤੀ ਵਿੱਚ ਕਰਮਚਾਰੀ ਮੌਜੂਦ ਸਨ।







