ਚੋਣ ਕਮਿਸ਼ਨ ਖ਼ਿਲਾਫ਼ INDIA ਗੱਠਜੋੜ ਦਾ ਦਿੱਲੀ ’ਚ ਮਾਰਚ, ਰਾਹੁਲ ਗਾਂਧੀ ਸਮੇਤ ਕਈ ਆਗੂ ਹਿਰਾਸਤ ’ਚ

Top Trending News ਰਾਸ਼ਟਰੀ

ਚੋਣ ਕਮਿਸ਼ਨ ਖ਼ਿਲਾਫ਼ INDIA ਗੱਠਜੋੜ ਦਾ ਦਿੱਲੀ ’ਚ ਮਾਰਚ, ਰਾਹੁਲ ਗਾਂਧੀ ਸਮੇਤ ਕਈ ਆਗੂ ਹਿਰਾਸਤ ’ਚ

ਨਵੀਂ ਦਿੱਲੀ, 6 ਅਕਤੂਬਰ 2026: ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਤੀਬਰ ਸੋਧ (SIR) ਨੂੰ ਲੈ ਕੇ INDIA ਗੱਠਜੋੜ ਦੇ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ। ਵਿਰੋਧੀ ਆਗੂਆਂ ਨੇ ਸੰਸਦ ਦੇ ਮਕਰ ਦੁਆਰ ਤੋਂ ਚੋਣ ਕਮਿਸ਼ਨ ਦੇ ਮੁੱਖ ਦਫ਼ਤਰ ਵੱਲ ਮਾਰਚ ਕੱਢਿਆ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ।

ਮਾਰਚ ਵਿੱਚ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਪ੍ਰਿਅੰਕਾ ਗਾਂਧੀ ਵਾਡਰਾ, ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਅਤੇ ਟੀਐੱਮਸੀ ਆਗੂ ਅਭਿਸ਼ੇਕ ਬੈਨਰਜੀ ਸਮੇਤ ਕਈ ਵਿਰੋਧੀ ਸੰਸਦ ਮੈਂਬਰ ਸ਼ਾਮਲ ਹੋਏ। ਆਗੂਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਲੋਕਤੰਤਰ ਦੀ ਰੱਖਿਆ ਦੇ ਨਾਅਰੇ ਲਗਾਏ।

ਪੁਲਿਸ ਨੇ ਸੰਸਦ ਮਾਰਗ ਅਤੇ ਨੀਤੀ ਆਯੋਗ ਨੇੜੇ ਬੈਰੀਕੇਡ ਲਗਾ ਕੇ ਮਾਰਚ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਕਈ ਸੰਸਦ ਮੈਂਬਰ ਸੜਕ ’ਤੇ ਧਰਨੇ ’ਤੇ ਬੈਠ ਗਏ। ਪੁਲਿਸ ਨੇ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਅਖਿਲੇਸ਼ ਯਾਦਵ, ਅਭਿਸ਼ੇਕ ਬੈਨਰਜੀ ਅਤੇ ਹੋਰ ਆਗੂਆਂ ਨੂੰ ਹਿਰਾਸਤ ਵਿੱਚ ਲਿਆ।

ਵਿਰੋਧੀ ਧਿਰ ਦਾ ਦੋਸ਼ ਹੈ ਕਿ SIR ਪ੍ਰਕਿਰਿਆ ਦੌਰਾਨ ਵੋਟਰ ਸੂਚੀਆਂ ਵਿੱਚ ਕਥਿਤ ਬੇਨਿਯਮੀਆਂ ਹੋਈਆਂ ਹਨ ਅਤੇ ਇਸ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ। INDIA ਗੱਠਜੋੜ ਨੇ ਗਿਆਨੇਸ਼ ਕੁਮਾਰ ਦੇ ਅਸਤੀਫ਼ੇ, SIR ਨੂੰ ਰੱਦ ਕਰਨ ਅਤੇ ਵੋਟਰ ਸੂਚੀਆਂ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।

ਚੋਣ ਕਮਿਸ਼ਨ ਨੇ ਵਿਰੋਧੀ ਧਿਰ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਰੱਦ ਕਰਦਿਆਂ SIR ਨਾਲ ਸਬੰਧਤ ਫ਼ੈਸਲੇ ਨਿਯਮਾਂ ਅਨੁਸਾਰ ਅਤੇ ਸਹਿਮਤੀ ਨਾਲ ਲਏ ਜਾਣ ਦੀ ਗੱਲ ਕਹੀ ਹੈ।