ਨਸ਼ਾ ਵੇਚਣ ਦੇ ਸ਼ੱਕ ’ਚ ਨੌਜਵਾਨ ਦੀ ਨਿਹੰਗਾਂ ਵੱਲੋਂ ਕੁੱਟਮਾਰ, ਵੀਡੀਓ ਵਾਇਰਲ

Top Trending News ਪੰਜਾਬ

 

ਨਸ਼ਾ ਵੇਚਣ ਦੇ ਸ਼ੱਕ ’ਚ ਨੌਜਵਾਨ ਦੀ ਨਿਹੰਗਾਂ ਵੱਲੋਂ ਕੁੱਟਮਾਰ, ਵੀਡੀਓ ਵਾਇਰਲ

ਅੰਮ੍ਰਿਤਸਰ, 6 ਅਕਤੂਬਰ 2026: ਅੰਮ੍ਰਿਤਸਰ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੁਝ ਨਿਹੰਗ ਸਿੰਘ ਇੱਕ ਨੌਜਵਾਨ ਦੀ ਕਥਿਤ ਤੌਰ ’ਤੇ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ। ਕਰੀਬ 20 ਸਕਿੰਟ ਦੀ ਇਸ ਵੀਡੀਓ ਵਿੱਚ ਦੋ ਨਿਹੰਗ ਨੌਜਵਾਨ ਦੇ ਦੋਵੇਂ ਹੱਥ ਫੜ ਕੇ ਖੜ੍ਹੇ ਨਜ਼ਰ ਆ ਰਹੇ ਹਨ, ਜਦਕਿ ਤੀਜਾ ਵਿਅਕਤੀ ਉਸ ਨੂੰ ਡੰਡੇ ਨਾਲ ਮਾਰਦਾ ਦਿਖਾਈ ਦਿੰਦਾ ਹੈ। ਇਸ ਤੋਂ ਬਾਅਦ ਦੋਵੇਂ ਨਿਹੰਗ ਵੀ ਨੌਜਵਾਨ ਨੂੰ ਥੱਪੜ ਮਾਰਦੇ ਨਜ਼ਰ ਆਉਂਦੇ ਹਨ।

ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਦਸ਼ਮੇਸ਼ ਤਰਨਾ ਦਲ ਨਾਲ ਸਬੰਧਤ ਨਿਹੰਗ ਬਾਬਾ ਗੁਰਦੀਪ ਸਿੰਘ ਦੇ ਸੋਸ਼ਲ ਮੀਡੀਆ ਪੇਜ ਤੋਂ ਅਪਲੋਡ ਕੀਤੀ ਗਈ ਹੈ। ਵੀਡੀਓ ਸਬੰਧੀ ਬਾਬਾ ਗੁਰਦੀਪ ਸਿੰਘ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਬੰਧਤ ਨੌਜਵਾਨ ਕਥਿਤ ਤੌਰ ’ਤੇ ਨਸ਼ਾ ਵੇਚਣ ਦਾ ਕੰਮ ਕਰਦਾ ਹੈ। ਉਨ੍ਹਾਂ ਮੁਤਾਬਕ ਅੰਮ੍ਰਿਤਸਰ ਦੇ ਇੱਕ ਪਿੰਡ ਦੇ ਵਿਅਕਤੀ ਵੱਲੋਂ ਗੁਪਤ ਤੌਰ ’ਤੇ ਇਹ ਜਾਣਕਾਰੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਨਿਹੰਗਾਂ ਵੱਲੋਂ ਨੌਜਵਾਨ ਨਾਲ ਪੁੱਛਗਿੱਛ ਕੀਤੀ ਗਈ।

ਬਾਬਾ ਗੁਰਦੀਪ ਸਿੰਘ ਨੇ ਦੱਸਿਆ ਕਿ ਘਟਨਾ ਅੰਮ੍ਰਿਤਸਰ ਦੇ ਕਿਸੇ ਪਿੰਡ ਦੀ ਹੈ, ਪਰ ਉਨ੍ਹਾਂ ਨੇ ਪਿੰਡ ਦਾ ਨਾਮ ਦੱਸਣ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਨੂੰ ਨਸ਼ਿਆਂ ਸਮੇਤ ਹੋਰ ਮਾਮਲਿਆਂ ਬਾਰੇ ਗੁਪਤ ਜਾਣਕਾਰੀਆਂ ਦਿੰਦੇ ਹਨ ਅਤੇ ਸੂਚਨਾ ਦੇਣ ਵਾਲਿਆਂ ਦੀ ਪਛਾਣ ਜਨਤਕ ਨਹੀਂ ਕੀਤੀ ਜਾਂਦੀ।

ਉਨ੍ਹਾਂ ਅਨੁਸਾਰ ਦਸ਼ਮੇਸ਼ ਤਰਨਾ ਦਲ ਵੱਲੋਂ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਅਤੇ ਨਸ਼ਾ ਕਰਨ ਵਾਲਿਆਂ ਨੂੰ ਸਮਝਾ ਕੇ ਮੁੱਖ ਧਾਰਾ ਵਿੱਚ ਲਿਆਉਣ ਦੇ ਯਤਨ ਕੀਤੇ ਜਾਂਦੇ ਹਨ।

ਹਾਲਾਂਕਿ, ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੇ ਨੌਜਵਾਨ ਦੀ ਪਛਾਣ ਅਤੇ ਉਸ ’ਤੇ ਨਸ਼ਾ ਵੇਚਣ ਦੇ ਲਗਾਏ ਗਏ ਦੋਸ਼ਾਂ ਦੀ ਪੁਲਿਸ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਸਾਹਮਣੇ ਨਹੀਂ ਆਈ ਹੈ।