ਪੰਜਾਬੀ ਸੂਫੀ ਗਾਇਕ ਬੂਟਾ ਮੁਹੰਮਦ ਪਰਿਵਾਰ ਸਮੇਤ ਸੜਕ ਹਾਦਸੇ ਦਾ ਸ਼ਿਕਾਰ

Top Trending News ਪੰਜਾਬ ਮਨੋਰੰਜਨ
  • ਪੰਜਾਬੀ ਸੂਫੀ ਗਾਇਕ ਬੂਟਾ ਮੁਹੰਮਦ ਪਰਿਵਾਰ ਸਮੇਤ ਸੜਕ ਹਾਦਸੇ ਦਾ ਸ਼ਿਕਾਰ

ਜਲੰਧਰ, 6 ਅਕਤੂਬਰ (ਦੇਸ਼ ਕਲਿੱਕ ਬਿਊਰੋ): ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਸੋਮਵਾਰ ਸ਼ਾਮ ਪੰਜਾਬੀ ਸੂਫੀ ਗਾਇਕ ਬੂਟਾ ਮੁਹੰਮਦ ਦੀ ਕਾਰ ਨੂੰ ਇੱਕ ਤੇਜ਼ ਰਫ਼ਤਾਰ ਟਰਾਲੇ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਹਾਦਸੇ ਸਮੇਂ ਗਾਇਕ ਆਪਣੇ ਪਰਿਵਾਰ ਸਮੇਤ ਫਗਵਾੜਾ ਤੋਂ ਜਲੰਧਰ ਵੱਲ ਆ ਰਹੇ ਸਨ। ਇਹ ਹਾਦਸਾ ਸੁੱਚੀ ਪਿੰਡ ਸਥਿਤ ਇੰਡੀਅਨ ਆਇਲ ਡਿਪੋ ਨੇੜੇ ਵਾਪਰਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਦੋਵੇਂ ਵਾਹਨ ਕਾਫ਼ੀ ਨੁਕਸਾਨੇ ਗਏ। ਹਾਲਾਂਕਿ ਬੂਟਾ ਮੁਹੰਮਦ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ।

ਹਾਦਸੇ ਤੋਂ ਬਾਅਦ ਦੋਵੇਂ ਧਿਰਾਂ ਵਿਚਾਲੇ ਮੌਕੇ ’ਤੇ ਬਹਿਸ ਹੋ ਗਈ ਅਤੇ ਲੋਕਾਂ ਦੀ ਭੀੜ ਇਕੱਠੀ ਹੋਣ ਕਾਰਨ ਹਾਈਵੇ ’ਤੇ ਜਾਮ ਵਰਗੀ ਸਥਿਤੀ ਬਣ ਗਈ। ਸੂਚਨਾ ਮਿਲਣ ’ਤੇ ਥਾਣਾ ਰਾਮਾਮੰਡੀ ਦੀ ਪੁਲਿਸ ਮੌਕੇ ’ਤੇ ਪਹੁੰਚੀ। ਏਐੱਸਆਈ ਸੁਰਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਸਥਿਤੀ ਸੰਭਾਲੀ ਅਤੇ ਕਰੇਨ ਦੀ ਮਦਦ ਨਾਲ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਵਾਇਆ। ਪੁਲਿਸ ਮੁਤਾਬਕ ਦੋਵੇਂ ਧਿਰਾਂ ਵਿਚਾਲੇ ਆਪਸੀ ਸਹਿਮਤੀ ਨਾਲ ਮਾਮਲਾ ਸੁਲਝਾ ਲਿਆ ਗਿਆ ਹੈ। ਫਿਲਹਾਲ ਕਿਸੇ ਵੀ ਧਿਰ ਵੱਲੋਂ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ।

1996 ਤੋਂ ਗਾਇਕੀ ਦੇ ਖੇਤਰ ’ਚ ਸਰਗਰਮ
ਬੂਟਾ ਮੁਹੰਮਦ ਫਗਵਾੜਾ ਦੇ ਰਹਿਣ ਵਾਲੇ ਹਨ ਅਤੇ ਪੰਜਾਬ ਦੇ ਜਾਣੇ-ਪਛਾਣੇ ਸੂਫੀ ਗਾਇਕਾਂ ਵਿੱਚ ਸ਼ਾਮਲ ਹਨ। ਉਹ ਪ੍ਰਸਿੱਧ ਗਾਇਕ ਤੇ ਸੰਗੀਤਕਾਰ ਮਰਹੂਮ ਸਰਦਾਰ ਮੁਹੰਮਦ ਦੇ ਪੁੱਤਰ ਹਨ। ਉਨ੍ਹਾਂ ਨੇ ਪਿਤਾ ਅਤੇ ਚਾਚੇ ਤੋਂ ਸ਼ਾਸਤਰੀ ਤੇ ਸੂਫੀ ਸੰਗੀਤ ਦੀ ਸਿੱਖਿਆ ਲਈ ਅਤੇ 1996 ਵਿੱਚ ਗਾਇਕੀ ਦੀ ਸ਼ੁਰੂਆਤ ਕੀਤੀ। ‘ਝੰਝਰਾ’, ‘ਦਿੱਲਗੀ’, ‘ਬੋਤਲਾਂ ’ਚ ਪਾਣੀ’ ਅਤੇ ‘ਗੱਭਰੂ ਦੇ ਮੋਢਿਆਂ’ ਵਰਗੇ ਗੀਤਾਂ ਰਾਹੀਂ ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਪਛਾਣ ਬਣਾਈ।

ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਵੀ ਚਰਚਾ ’ਚ ਰਹੇ
ਦਸੰਬਰ 2021 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੂਟਾ ਮੁਹੰਮਦ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਇਸੇ ਦਿਨ ਉਹ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਦੇ ਆਗੂਆਂ ਨਾਲ ਵੀ ਨਜ਼ਰ ਆਏ ਸਨ। ਬਾਅਦ ਵਿੱਚ ਉਨ੍ਹਾਂ ਨੇ ਸਪੱਸ਼ਟ ਕੀਤਾ ਸੀ ਕਿ ਉਹ ਭਾਜਪਾ ਦੇ ਮੈਂਬਰ ਹਨ।