ਮਾਝੇ ‘ਚ ਅਕਾਲੀ ਦਲ ਦੀ ਘਰ-ਘਰ ਮੁਹਿੰਮ ਦਾ ਆਗਾਜ਼; ਸੁਖਬੀਰ ਬਾਦਲ ਨੇ ਕਿਹਾ- ਹਰ ਵਰਗ ਤੱਕ ਪਹੁੰਚਾਵਾਂਗੇ ਸਹੂਲਤਾਂ
ਅਟਾਰੀ (ਅੰਮ੍ਰਿਤਸਰ), 7 ਅਕਤੂਬਰ 2026: ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਸ਼ੁਰੂ ਕੀਤੀ ਗਈ ਘਰ-ਘਰ ਜਨਸੰਪਰਕ ਮੁਹਿੰਮ ਦਾ ਮਾਝੇ ਵਿੱਚ ਅੱਜ ਅਟਾਰੀ ਵਿਧਾਨ ਸਭਾ ਹਲਕੇ ਤੋਂ ਆਗਾਜ਼ ਕੀਤਾ ਗਿਆ। ਇਹ ਮੁਹਿੰਮ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਦੀ ਅਗਵਾਈ ਹੇਠ ਸ਼ੁਰੂ ਹੋਈ।
ਇਸ ਮੌਕੇ ਪਿੰਡ ਇੱਛਾ ਵਿਖੇ ਅਕਾਲੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁਹਿੰਮ ਰਾਹੀਂ ਪਾਰਟੀ ਆਗੂ ਤੇ ਵਰਕਰ ਘਰ-ਘਰ ਜਾ ਕੇ ਲੋਕਾਂ ਨਾਲ ਸਿੱਧਾ ਸੰਪਰਕ ਕਰਨਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਸੁਝਾਅ ਜਾਣਨਗੇ। ਪਾਰਟੀ ਵੱਲੋਂ ਇਨ੍ਹਾਂ ਸੁਝਾਵਾਂ ਨੂੰ ਚੋਣ ਮਨੋਰਥ ਪੱਤਰ ਤਿਆਰ ਕਰਨ ਲਈ ਵੀ ਵਰਤਿਆ ਜਾਵੇਗਾ।
ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਸਾਬਕਾ ਮੁੱਖ ਮੰਤਰੀ ਸਵ. ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੀ ਤਰਜ਼ ’ਤੇ ਬਿਨਾਂ ਕਿਸੇ ਵਿਤਕਰੇ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਦਾ ਯਤਨ ਕੀਤਾ ਜਾਵੇਗਾ।







