ਸੀਵਰੇਜ ਬੋਰਡ ਅਤੇ ਪਾਵਰਕਾਮ ਐਂਡ ਟਰਾਂਸਕੋ ਦੇ ਆਊਟਸੋਰਸ ਮੁਲਾਜ਼ਮ ਕੱਲ੍ਹ ਨੂੰ ਵਿੱਤ ਮੰਤਰੀ ਦੇ ਹਲਕੇ ‘ਚ ਦੇਣਗੇ ਧਰਨਾ

Top Trending News ਪੰਜਾਬ
  • ਸੀਵਰੇਜ ਬੋਰਡ ਅਤੇ ਪਾਵਰਕਾਮ ਐਂਡ ਟਰਾਂਸਕੋ ਦੇ ਆਊਟਸੋਰਸ ਮੁਲਾਜ਼ਮ ਕੱਲ੍ਹ ਨੂੰ ਵਿੱਤ ਮੰਤਰੀ ਦੇ ਹਲਕੇ ‘ਚ ਦੇਣਗੇ ਧਰਨਾ

ਚੰਡੀਗੜ੍ਹ, 7 ਅਕਤੂਬਰ (ਦੇਸ਼ ਕਲਿੱਕ ਬਿਊਰੋ) : ਪੰਜਾਬ  ਵਾਟਰ ਸਪਲਾਈ ਅਤੇ ਸੀਵਰੇਜ ਬੋਰਡ , ਪਾਵਰਕਾਮ ਐਂਡ ਟਰਾਂਸਕੋ ਦੇ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕਾ ਦਿੜਬਾ ਵਿਖੇ 8 ਅਕਤੂਬਰ ਨੂੰ ਸਵੇਰੇ 10 ਵਜੇ ਆਪਣੇ ਪਰਿਵਾਰਾਂ ਤੇ ਬੱਚਿਆਂ ਸਮੇਤ ਧਰਨਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਵਰੇਜ ਬੋਰਡ ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ ਅਤੇ ਪਾਵਰਕਾਮ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ ਮੀਟਿੰਗ ਵਿੱਚ ਸੀਵਰੇਜ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਇਹ ਹਦਾਇਤ ਕੀਤੀ ਗਈ ਸੀ ਕਿ ਸੀਵਰੇਜ ਬੋਰਡ ਦੇ ਆਊਟਸੋਰਸ ਮੁਲਾਜ਼ਮਾਂ ਨੂੰ ਸਿੱਧਾ ਬੋਰਡ ਦੇ ਕੰਟਰੈਕਟ ਤੇ ਕੀਤਾ ਜਾਵੇ ।

ਪਰ ਸੀਵਰੇਜ ਬੋਰਡ ਦੇ ਅਧਿਕਾਰੀਆਂ ਵੱਲੋਂ 7 ਅਕਤੂਬਰ ਤੱਕ ਸਾਰੇ ਹੀ ਆਊਟਸੋਰਸ ਮੁਲਾਜ਼ਮਾਂ ਨੂੰ ਸਿੱਧਾ ਬੋਰਡ ਦੇ ਕੰਟਰੈਕਟ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਜਿਹੜਾ ਇੱਕ ਹਫਤਾ ਬੀਤ ਜਾਣ ਦੇ ਬਾਵਜੂਦ ਵੀ ਲਾਗੂ ਨਹੀਂ ਕੀਤਾ ਗਿਆ। ਇਸੇ ਇਸੇ ਤਰ੍ਹਾਂ ਪਾਵਰਕਾਮ ਦੇ ਵਿੱਚ ਰਹਿੰਦੀਆਂ ਕੈਟਾਗਰੀਆਂ ਨੂੰ ਵੀ ਸਿੱਧਾ ਪਾਵਰਕਾਮ ਦੇ ਕੰਟਰੈਕਟ ਤੇ ਨਹੀਂ ਕੀਤਾ ਗਿਆ ਜਿਸ ਦੇ ਰੋਸ ਵਜੋਂ ਦੋਵੇਂ ਹੀ ਜਥੇਬੰਦੀਆਂ ਵੱਲੋਂ ਇਕੱਠੇ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ ਹੈ।

ਆਗੂਆਂ ਨੇ ਕਿਹਾ ਕਿ ਜਿੰਨਾ ਸਮਾਂ ਸਾਡੀਆਂ ਮੰਗਾਂ ਦਾ ਸਰਕਾਰ ਵੱਲੋਂ ਹੱਲ ਨਹੀਂ ਕੀਤਾ ਜਾਂਦਾ ਇਹ ਸੰਘਰਸ਼ ਲਗਾਤਾਰ ਜਾਰੀ ਰਹਿਣਗੇ ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ, ਸੀਵਰੇਜ ਬੋਰਡ ਅਤੇ ਪਾਵਰਕਾਮ ਦੀ ਹੋਵੇਗੀ। ਆਗੂਆਂ ਨੇ ਕਿਹਾ ਕਿ ਠੇਕੇਦਾਰਾਂ  ਵੱਲੋਂ ਅੱਜ ਵੀ ਠੇਕੇ ਤੇ ਕੰਮ ਕਰਦੇ ਆਊਟਸੋਰਸ ਮੁਲਾਜ਼ਮਾਂ ਦੀ ਵੱਡੇ ਪੱਧਰ ਤੇ ਆਰਥਿਕ ਲੁੱਟ ਜਾਰੀ ਹੈ । ਇਸ ਮੌਕੇ ਗਗਨਦੀਪ ਸਿੰਘ ਸੁਨਾਮ, ਜਸਵਿੰਦਰ ਸਿੰਘ ਕੁਲਾਰ ਅਤੇ ਦੋਵੇਂ ਜਥੇਬੰਦੀਆਂ ਦੇ ਵਰਕਰ ਹਾਜ਼ਰ ਸਨ।