ਸੂਬੇ ਦੀ ਸਿੱਖਿਆ ਪ੍ਰਣਾਲੀ ’ਚ ਕ੍ਰਾਂਤੀਕਾਰੀ ਬਦਲਾਅ ਲਿਆ ਰਹੀ ਪੰਜਾਬ ਸਰਕਾਰ: ਮੋਹਿੰਦਰ ਭਗਤ

Top Trending News ਪੰਜਾਬ
  • ਸੂਬੇ ਦੀ ਸਿੱਖਿਆ ਪ੍ਰਣਾਲੀ ’ਚ ਕ੍ਰਾਂਤੀਕਾਰੀ ਬਦਲਾਅ ਲਿਆ ਰਹੀ ਪੰਜਾਬ ਸਰਕਾਰ: ਮੋਹਿੰਦਰ ਭਗਤ
  • ਕੈਬਨਿਟ ਮੰਤਰੀ ਨੇ ਜਲੰਧਰ ਵਿਖੇ ਮੈਗਾ ਪੀ.ਟੀ.ਐਮ. ’ਚ ਕੀਤੀ ਸ਼ਿਰਕਤ
  • ਸਕੂਲ ਆਫ਼ ਐਮੀਨੈਂਸ ਭਾਰਗਵ ਨਗਰ ਦੀਆਂ ਲੈਬਜ਼ ਤੇ ਖੇਡ ਸਟੇਡੀਅਮ ਦੇ ਵਿਕਾਸ ਲਈ 1.20 ਕਰੋੜ ਰੁਪਏ ਦੀ ਗ੍ਰਾਂਟ ਦਾ ਵੀ ਕੀਤਾ ਐਲਾਨ

ਚੰਡੀਗੜ੍ਹ / ਜਲੰਧਰ, 9 ਅਕਤੂਬਰ (ਦੇਸ਼ ਕਲਿੱਕ ਬਿਊਰੋ) : ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਅੱਜ ਜਲੰਧਰ ਦੇ ‘ਗੌਰਮਿੰਟ ਸਕੂਲ ਆਫ਼ ਐਮੀਨੈਂਸ, ਭਾਰਗਵ ਨਗਰ’ ਵਿਖੇ ਮੈਗਾ ਮਾਪੇ-ਅਧਿਆਪਕ ਮਿਲਣੀ (ਪੀ.ਟੀ.ਐਮ.) ਵਿੱਚ ਸ਼ਿਰਕਤ ਕੀਤੀ ਅਤੇ ਮਾਪਿਆਂ ਤੇ ਅਧਿਆਪਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੂਬੇ ਦੀ ਸਿੱਖਿਆ ਪ੍ਰਣਾਲੀ ਵਿੱਚ ਬਦਲਾਅ ਲਿਆਉਣ ਲਈ ਪੰਜਾਬ ਸਰਕਾਰ ਦੇ ਕ੍ਰਾਂਤੀਕਾਰੀ ਉਪਰਾਲਿਆਂ ਦੀ ਸ਼ਲਾਘਾ ਕੀਤੀ।

ਕੈਬਨਿਟ ਮੰਤਰੀ ਨੇ ਕਿਹਾ ਕਿ ਵਿੱਦਿਅਕ ਅਦਾਰਿਆਂ ਨੂੰ ਆਧੁਨਿਕ ਬਣਾਉਣ ਲਈ ਕਈ ਅਹਿਮ ਉਪਰਾਲੇ ਕੀਤੇ ਗਏ ਹਨ, ਤਾਂ ਜੋ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਕਾਨਵੈਂਟ ਸਕੂਲਾਂ ਵਰਗੀਆਂ ਸਹੂਲਤਾਂ ਮਿਲ ਸਕਣ। ਉਨ੍ਹਾਂ ਜ਼ਿਲ੍ਹੇ ਦੇ 1300 ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ‘ਮੈਗਾ ਪੀ.ਟੀ.ਐਮ.’ ਕਰਵਾਉਣ ਲਈ ਸਿੱਖਿਆ ਵਿਭਾਗ ਨੂੰ ਵਧਾਈ ਦਿੱਤੀ ਜਿੱਥੇ ਮਾਪਿਆਂ ਤੇ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਵਿੱਦਿਅਕ ਸਫ਼ਲਤਾ ਯਕੀਨੀ ਬਣਾਉਣ ਲਈ ਅਹਿਮ ਚਰਚਾ ਕੀਤੀ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਿੰਦਰਜੀਤ ਕੌਰ, ਕੋਆਰਡੀਨੇਟਰ ਪੰਜਾਬ ਸਿੱਖਿਆ ਕ੍ਰਾਂਤੀ ਸੰਜੀਵ ਭਗਤ, ਕੌਂਸਲਰ ਰਾਜ ਕੁਮਾਰ ਰਾਜੂ, ਡਿਪਟੀ ਡੀ.ਈ.ਓ. ਰਾਜੀਵ ਜੋਸ਼ੀ ਵੀ ਮੌਜੂਦ ਸਨ।

ਸ਼੍ਰੀ ਭਗਤ ਨੇ ਸਕੂਲ ਲਈ 1.20 ਕਰੋੜ ਰੁਪਏ ਦੀ ਗ੍ਰਾਂਟ ਦਾ ਵੀ ਐਲਾਨ ਕੀਤਾ, ਜਿਸ ਵਿੱਚੋਂ 70 ਲੱਖ ਰੁਪਏ ਪੁਰਾਣੀ ਇਮਾਰਤ ਨੂੰ ਢਾਹ ਕੇ ਸਾਇੰਸ ਅਤੇ ਗਣਿਤ ਲੈਬਜ਼ ਬਣਾਉਣ ਲਈ ਖਰਚ ਕੀਤੇ ਜਾਣਗੇ, ਜਦਕਿ 50 ਲੱਖ ਰੁਪਏ ਇੱਥੇ ਖੇਡ ਸਟੇਡੀਅਮ ਦੇ ਵਿਕਾਸ ‘ਤੇ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਅਤਿ-ਆਧੁਨਿਕ ਲੈਬਜ਼ ਅਤੇ ਸਟੇਡੀਅਮ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਣਗੇ।

ਸ਼੍ਰੀ ਭਗਤ ਨੇ ਕਿਹਾ ਕਿ ਇਹ ਵਿਲੱਖਣ ਪਹਿਲਕਦਮੀ ਮਾਪਿਆਂ ਅਤੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਵਿਕਾਸ, ਖਾਸ ਕਰਕੇ ਉਨ੍ਹਾਂ ਦੀ ਪੜ੍ਹਾਈ ਬਾਰੇ ਸਾਰਥਕ ਚਰਚਾ ਕਰਨ ਲਈ ਢੁੱਕਵਾਂ ਮੰਚ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਆਉਣ ਵਾਲੇ ਮਾਪਿਆਂ ਨੂੰ ਵਿਦਿਆਰਥੀਆਂ ਲਈ ਮੁਹੱਈਆ ਕਰਵਾਈਆਂ ਗਈਆਂ ਬਿਹਤਰ ਸਹੂਲਤਾਂ ਦੇਖਣ ਦਾ ਮੌਕਾ ਮਿਲ ਰਿਹਾ ਹੈ। ਇਸ ਪ੍ਰੋਗਰਾਮ ਜ਼ਰੀਏ ਮਾਪਿਆਂ ਨੂੰ ਜਿਥੇ ਆਪਣੇ ਬੱਚਿਆਂ ਦੇ ਪਾਠਕ੍ਰਮ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਮਿਲੀ ਉਥੇ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਲਈ ਸੁਝਾਅ ਵੀ ਦਿੱਤੇ ਗਏ।

ਇਸ ਦੌਰਾਨ ਕੈਬਨਿਟ ਮੰਤਰੀ ਵੱਲੋਂ ਪ੍ਰੀਖਿਆਵਾਂ ਵਿੱਚ 95 ਫੀਸਦੀ ਤੋਂ ਵੱਧ ਅੰਕ ਹਾਸਲ ਕਰਨ ਸਮੇਤ ਪੜ੍ਹਾਈ ਵਿੱਚ ਹੋਰ ਮਹੱਤਵਪੂਰਣ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਸ਼ੰਸਾ-ਪੱਤਰ ਵੀ ਵੰਡੇ ਗਏ। ਇਸੇ ਤਰ੍ਹਾਂ ਸਕੂਲ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਨੂੰ ਵੀ ਸਕੂਲ ਦੇ ਵਿਕਾਸ ਲਈ ਉਨ੍ਹਾਂ ਦੀ ਲਗਨ ਅਤੇ ਯਤਨਾਂ ਬਦਲੇ ਪ੍ਰਸ਼ੰਸਾ-ਪੱਤਰ ਦਿੱਤੇ ਗਏ।