ਬੈਂਕ ‘ਚ ਵੜ ਕੇ ਮੈਨੇਜਰ ਨੂੰ ਮਾਰੀ ਗੋਲੀ

Top Trending News ਪੰਜਾਬ
  • ਬੈਂਕ ‘ਚ ਵੜ ਕੇ ਮੈਨੇਜਰ ਨੂੰ ਮਾਰੀ ਗੋਲੀ
  • ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਇਆ ਵਿਵਾਦ, ਵਾਰਦਾਤ ਮਗਰੋਂ ਮੁਲਜ਼ਮ ਫ਼ਰਾਰ

ਅੰਮ੍ਰਿਤਸਰ, 13 ਅਕਤੂਬਰ (ਦੇਸ਼ ਕਲਿੱਕ ਬਿਊਰੋ): ਅੰਮ੍ਰਿਤਸਰ ਦੇ ਮਾਲ ਰੋਡ ਸਥਿਤ ਯੈੱਸ ਬੈਂਕ ਵਿੱਚ ਮੰਗਲਵਾਰ ਨੂੰ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਗੋਲੀ ਚੱਲਣ ਨਾਲ ਬੈਂਕ ਦਾ ਮੈਨੇਜਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਦੀ ਪਛਾਣ ਲੋਨ ਵਿਭਾਗ ਦੇ ਮੈਨੇਜਰ ਗੌਰਵ ਦੀਵਾਨ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੌਕੇ ’ਤੇ ਪਹੁੰਚੇ ਏਸੀਪੀ ਗਗਨਦੀਪ ਸਿੰਘ ਨੇ ਦੱਸਿਆ ਕਿ ਬੈਂਕ ਵਿੱਚ ਰਿਲੇਸ਼ਨਸ਼ਿਪ ਮੈਨੇਜਰ ਵਜੋਂ ਤਾਇਨਾਤ ਜਸਪਾਲ ਸਿੰਘ ਦਾ ਕੁਝ ਵਿਅਕਤੀਆਂ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਇਸੇ ਸਬੰਧ ਵਿੱਚ ਮੰਗਲਵਾਰ ਦੁਪਹਿਰ 2 ਤੋਂ 3 ਨੌਜਵਾਨ ਬੈਂਕ ਪਹੁੰਚੇ। ਦੋਵਾਂ ਧਿਰਾਂ ਵਿਚਾਲੇ ਹੋਈ ਬਹਿਸ ਨੇ ਝਗੜੇ ਦਾ ਰੂਪ ਧਾਰ ਲਿਆ, ਜਿਸ ਦੌਰਾਨ ਗੋਲੀ ਚੱਲ ਗਈ ਅਤੇ ਗੌਰਵ ਦੀਵਾਨ ਜ਼ਖ਼ਮੀ ਹੋ ਗਏ।

ਏਸੀਪੀ ਮੁਤਾਬਕ ਪੁਲਿਸ ਵੱਲੋਂ ਵਾਰਦਾਤ ਵਿੱਚ ਸ਼ਾਮਲ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਘਟਨਾ ਸਥਾਨ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।