- ਐੱਸਬੀਪੀ ਸਿਟੀ ਆਫ ਡ੍ਰੀਮਜ਼-4 ਅਤੇ 5 ਵਿੱਚ ਧੂਮਧਾਮ ਨਾਲ ਕਰਵਾਇਆ ਮਾਤਾ ਦਾ ਜਾਗਰਣ, ਖੇਡ ਕੈਲੰਡਰ ਵੀ ਜਾਰੀ
- ਸੈਕਟਰ-127 ਵਿੱਚ ਮਾਤਾ ਦੀ ਜੋਤ ਦਾ ਸ਼ਾਨਦਾਰ ਸਵਾਗਤ, ਸਾਰੀ ਰਾਤ ਗੂੰਜਦੇ ਰਹੇ ਭਜਨ
ਮੋਹਾਲੀ, 18 ਅਕਤੂਬਰ (ਦੇਸ਼ ਕਲਿੱਕ ਬਿਊਰੋ): ਸੈਕਟਰ-127 ਸਥਿਤ ਐੱਸਬੀਪੀ ਸਿਟੀ ਆਫ ਡ੍ਰੀਮਜ਼-4 ਅਤੇ 5 ਵੱਲੋਂ ਸਾਂਝੇ ਤੌਰ ’ਤੇ ਮਾਤਾ ਦੇ ਜਾਗਰਣ ਦਾ ਆਯੋਜਨ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਗਿਆ। ਇਸ ਮੌਕੇ ਮਾਤਾ ਦੀ ਪਵਿੱਤਰ ਜੋਤ ਜਵਾਲਾ ਜੀ ਤੋਂ ਲਿਆਂਦੀ ਗਈ। ਜੋਤ ਦੇ ਪਹੁੰਚਣ ’ਤੇ ਸੁਸਾਇਟੀ ਦੇ ਵਸਨੀਕਾਂ ਵੱਲੋਂ ਢੋਲ-ਨਗਾੜਿਆਂ ਅਤੇ ਫੁੱਲਾਂ ਦੀ ਵਰਖਾ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਪੂਰਾ ਮਾਹੌਲ ਭਗਤੀਮਈ ਰੰਗ ਵਿੱਚ ਰੰਗਿਆ ਨਜ਼ਰ ਆਇਆ।
ਸ਼ਾਮ ਨੂੰ ਵਿਧੀਵਤ ਪੂਜਾ-ਅਰਚਨਾ ਤੋਂ ਬਾਅਦ ਮਾਤਾ ਦੀ ਜੋਤ ਜਗਾਈ ਗਈ, ਜਿਸ ਤੋਂ ਬਾਅਦ ਸਾਰੀ ਰਾਤ ਜਾਗਰਣ ਚੱਲਦਾ ਰਿਹਾ। ਇਸ ਦੌਰਾਨ ਭੰਡਾਰੇ ਦਾ ਪ੍ਰਬੰਧ ਵੀ ਕੀਤਾ ਗਿਆ। ਧੂਰੀ ਤੋਂ ਆਈ ਭਜਨ ਮੰਡਲੀ ਨੇ ਮਾਤਾ ਰਾਣੀ ਦੇ ਭਜਨਾਂ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਮੰਤਰਮੁਗਧ ਕਰ ਦਿੱਤਾ। ਵੱਡੀ ਗਿਣਤੀ ਵਿੱਚ ਸੁਸਾਇਟੀ ਵਾਸੀਆਂ ਨੇ ਮਾਤਾ ਦੇ ਦਰਬਾਰ ਵਿੱਚ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ।
ਖੇਡ ਗਤੀਵਿਧੀਆਂ ਦਾ ਕੈਲੰਡਰ ਜਾਰੀ
ਜਾਗਰਣ ਦੌਰਾਨ ਐੱਸਬੀਪੀ-127 ਰੈਜ਼ੀਡੈਂਸ਼ੀਅਲ ਵੈਲਫੇਅਰ ਕਲੱਬ ਵੱਲੋਂ ਕਰਵਾਈਆਂ ਜਾ ਰਹੀਆਂ ਖੇਡ ਗਤੀਵਿਧੀਆਂ ਦਾ ਕੈਲੰਡਰ ਵੀ ਜਾਰੀ ਕੀਤਾ ਗਿਆ। ਇਸ ਕੈਲੰਡਰ ਤਹਿਤ ਹਰ ਸ਼ਨੀਵਾਰ ਅਤੇ ਐਤਵਾਰ ਨੂੰ 23 ਨਵੰਬਰ ਤੱਕ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਜਾਣਗੇ।
ਇਨ੍ਹਾਂ ਗਤੀਵਿਧੀਆਂ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਵਰਗ ਦੇ ਲੋਕਾਂ ਲਈ ਵੱਖ-ਵੱਖ ਖੇਡਾਂ ਸ਼ਾਮਲ ਕੀਤੀਆਂ ਗਈਆਂ ਹਨ, ਤਾਂ ਜੋ ਸੁਸਾਇਟੀ ਦੇ ਵੱਧ ਤੋਂ ਵੱਧ ਵਸਨੀਕ ਇਨ੍ਹਾਂ ਵਿੱਚ ਹਿੱਸਾ ਲੈ ਸਕਣ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਸੁਖਮਨੀ ਸਾਹਿਬ ਦਾ ਪਾਠ ਵੀ ਕਰਵਾਇਆ ਜਾਵੇਗਾ। ਇਸ ਮੌਕੇ ਕਰਵਾਏ ਜਾਣ ਵਾਲੇ ਸਮਾਗਮ ਦੌਰਾਨ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਗੀਦਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਆਪਸੀ ਭਾਈਚਾਰਾ ਮਜ਼ਬੂਤ ਕਰਨਾ ਮੁੱਖ ਉਦੇਸ਼
ਐੱਸਬੀਪੀ-127 ਰੈਜ਼ੀਡੈਂਸ਼ੀਅਲ ਵੈਲਫੇਅਰ ਕਲੱਬ ਦੇ ਮੈਂਬਰ ਐਡਵੋਕੇਟ ਅਜੈ ਗਰਗ, ਰਾਮ ਕ੍ਰਿਸ਼ਨ ਸਰੀਨ, ਨਰਿੰਦਰ ਕੁਮਾਰ ਸ਼ਰਮਾ, ਸੁਰਿੰਦਰ ਵੋਹਰਾ, ਦੀਪਕ ਬਾਂਸਲ, ਸਤੀਸ਼, ਪਰਵਿੰਦਰ ਰਾਣਾ, ਵਿਕਰਾਂਤ ਰਾਣਾ (ਵਿੱਕੀ), ਮੁਨੀਸ਼ ਜਿੰਦਲ, ਬਿਸ਼ਨ ਸਿੰਘ, ਕਮਲਦੀਪ ਸਿੰਗਲਾ, ਨਰੇਸ਼ ਕੁਮਾਰ ਆਦਿ ਨੇ ਦੱਸਿਆ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਸੁਸਾਇਟੀ ਵਿੱਚ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਲਗਾਤਾਰ ਕਰਵਾਉਣਾ ਅਤੇ ਵਸਨੀਕਾਂ ਵਿਚਕਾਰ ਆਪਸੀ ਪਿਆਰ, ਭਾਈਚਾਰੇ ਅਤੇ ਏਕਤਾ ਨੂੰ ਮਜ਼ਬੂਤ ਕਰਨਾ ਹੈ।
ਉਨ੍ਹਾਂ ਕਿਹਾ ਕਿ ਸੁਸਾਇਟੀ ਦੇ ਸਾਰੇ ਵਸਨੀਕ ਇੱਕ ਪਰਿਵਾਰ ਵਾਂਗ ਮਿਲ-ਜੁਲ ਕੇ ਰਹਿਣ ਅਤੇ ਹਰ ਗਤੀਵਿਧੀ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ। ਧਾਰਮਿਕ ਸਮਾਗਮਾਂ ਦੇ ਨਾਲ-ਨਾਲ ਖੇਡ ਗਤੀਵਿਧੀਆਂ ਵੀ ਇਸੇ ਉਦੇਸ਼ ਨਾਲ ਕਰਵਾਈਆਂ ਜਾ ਰਹੀਆਂ ਹਨ, ਤਾਂ ਜੋ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਇੱਕ-ਦੂਜੇ ਨਾਲ ਜੁੜਨ ਅਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲ ਸਕੇ।







