ਸੰਗਰੂਰ ਜ਼ਿਲ੍ਹੇ ‘ਚ ਵੱਡਾ ਸੜਕ ਹਾਦਸਾ: 9 ਦੀ ਮੌਤ; ਕਈ ਗੰਭੀਰ ਜ਼ਖ਼ਮੀ

Top Trending News ਪੰਜਾਬ
  • ਸੰਗਰੂਰ ਜ਼ਿਲ੍ਹੇ ‘ਚ ਵੱਡਾ ਸੜਕ ਹਾਦਸਾ: 9 ਦੀ ਮੌਤ; ਕਈ ਗੰਭੀਰ ਜ਼ਖ਼ਮੀ
  • ਤੇਜ਼ ਰਫ਼ਤਾਰ ਕਾਰ ਨੇ ਮਨਰੇਗਾ ਮਜ਼ਦੂਰਾਂ ਨੂੰ ਕੁਚਲਿਆ

ਸੰਗਰੂਰ, 18 ਅਕਤੂਬਰ (ਦੇਸ਼ ਕਲਿੱਕ ਬਿਊਰੋ): ਸੰਗਰੂਰ ਜ਼ਿਲ੍ਹੇ ਵਿੱਚ ਐਤਵਾਰ ਨੂੰ ਲਹਿਰਾਗਾਗਾ-ਜਾਖਲ ਰੋਡ ’ਤੇ ਇੱਕ ਤੇਜ਼ ਰਫ਼ਤਾਰ ਕਾਰ ਨੇ ਸੜਕ ’ਤੇ ਕੰਮ ਕਰ ਰਹੇ ਮਨਰੇਗਾ ਮਜ਼ਦੂਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ਵਿੱਚ 9 ਮਜ਼ਦੂਰਾਂ ਦੀ ਮੌਤ ਹੋਣ ਦੀ ਸੂਚਨਾ ਹੈ, ਜਦਕਿ ਕਈ ਹੋਰ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਹਾਦਸੇ ਸਮੇਂ ਮੌਕੇ ’ਤੇ ਕਰੀਬ 22-23 ਮਜ਼ਦੂਰ ਮੌਜੂਦ ਸਨ, ਜਿਨ੍ਹਾਂ ਵਿੱਚ ਔਰਤਾਂ ਅਤੇ ਮਰਦ ਦੋਵੇਂ ਸ਼ਾਮਲ ਸਨ।

ਜ਼ਖ਼ਮੀਆਂ ਨੂੰ ਤੁਰੰਤ ਲਹਿਰਾਗਾਗਾ ਅਤੇ ਸੁਨਾਮ ਦੇ ਸਰਕਾਰੀ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਣ ਮਗਰੋਂ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ਅਤੇ ਹਸਪਤਾਲਾਂ ਵਿੱਚ ਪਹੁੰਚੇ। ਪੁਲਿਸ ਨੇ ਹਾਦਸੇ ਤੋਂ ਬਾਅਦ ਫ਼ਰਾਰ ਹੋਏ ਕਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

‘ਕਈ ਮਜ਼ਦੂਰ ਕਾਰ ਦੀ ਲਪੇਟ ਵਿੱਚ ਆਏ’
ਮੌਕੇ ’ਤੇ ਪਹੁੰਚੇ ਪਿੰਡ ਵਾਸੀ ਹਰਵਿੰਦਰ ਸਿੰਘ ਉਰਫ਼ ਲਵੀ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ਨੇੜੇ ਇੱਕ ਫੈਕਟਰੀ ਹੈ, ਜਿੱਥੇ ਉਹ ਕੰਮ ਕਰਦਾ ਹੈ। ਉਸ ਦੇ ਮੁਤਾਬਕ, ਕਾਰ ਨੇ ਕਈ ਮਜ਼ਦੂਰਾਂ ਨੂੰ ਕੁਚਲ ਦਿੱਤਾ। ਉਸ ਸਮੇਂ ਮੌਕੇ ’ਤੇ ਪਿੰਡ ਦਾ ਕੋਈ ਵਿਅਕਤੀ ਮੌਜੂਦ ਨਹੀਂ ਸੀ ਅਤੇ ਉੱਥੇ ਸਾਰੇ ਮਨਰੇਗਾ ਮਜ਼ਦੂਰ ਹੀ ਕੰਮ ਕਰ ਰਹੇ ਸਨ। ਹਰਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਘੱਟੋ-ਘੱਟ 22 ਤੋਂ 23 ਮਜ਼ਦੂਰ ਜ਼ਖ਼ਮੀ ਹੋਏ ਹਨ ਅਤੇ ਕਈਆਂ ਦੀ ਹਾਲਤ ਬੇਹੱਦ ਗੰਭੀਰ ਸੀ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਐਂਬੂਲੈਂਸ ਕਰੀਬ ਇੱਕ ਘੰਟੇ ਬਾਅਦ ਪਹੁੰਚੀ। ਉਸ ਮੁਤਾਬਕ, ਕਾਰ ਚਾਲਕ ਕੁਝ ਸਮੇਂ ਲਈ ਮੌਕੇ ’ਤੇ ਰੁਕਿਆ ਰਿਹਾ।

‘ਪਹਿਲਾਂ ਵੀ ਵਾਪਰ ਚੁੱਕਾ ਹੈ ਹਾਦਸਾ’
ਪਿੰਡ ਵਾਸੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਥਾਂ ’ਤੇ ਪਹਿਲਾਂ ਵੀ ਹਾਦਸਾ ਵਾਪਰ ਚੁੱਕਾ ਹੈ, ਜਿਸ ਵਿੱਚ ਉਸ ਦੇ ਦਾਅਵੇ ਮੁਤਾਬਕ 6 ਤੋਂ 7 ਲੋਕਾਂ ਦੀ ਮੌਤ ਹੋਈ ਸੀ। ਉਸ ਨੇ ਦੋਸ਼ ਲਾਇਆ ਕਿ ਅਜਿਹੀਆਂ ਘਟਨਾਵਾਂ ਤੋਂ ਬਾਅਦ ਕੁਝ ਦਿਨਾਂ ਵਿੱਚ ਲੋਕ ਮਾਮਲੇ ਨੂੰ ਭੁੱਲ ਜਾਂਦੇ ਹਨ।

ਪਿੰਡ ਵਿੱਚ ਮਨਰੇਗਾ ਦਾ ਕੰਮ ਕਰਵਾਉਣ ਦੀ ਮੰਗ
ਹਰਪ੍ਰੀਤ ਸਿੰਘ ਮੁਤਾਬਕ, ਮਜ਼ਦੂਰ ਪਾਣੀ ਪੀਣ ਲਈ ਸੜਕ ’ਤੇ ਬੈਠੇ ਹੋਏ ਸਨ, ਜਦੋਂ ਇਹ ਹਾਦਸਾ ਵਾਪਰਿਆ। ਉਸ ਨੇ ਮੰਗ ਕੀਤੀ ਕਿ ਘਟਨਾ ਸਬੰਧੀ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਮਨਰੇਗਾ ਦਾ ਕੰਮ ਸੜਕਾਂ ਦੀ ਬਜਾਏ ਪਿੰਡਾਂ ਵਿੱਚ ਕਰਵਾਇਆ ਜਾਵੇ। ਹਾਦਸੇ ਦੇ ਸਹੀ ਕਾਰਨਾਂ, ਮ੍ਰਿਤਕਾਂ ਦੀ ਅੰਤਿਮ ਗਿਣਤੀ ਅਤੇ ਜ਼ਖ਼ਮੀਆਂ ਦੀ ਹਾਲਤ ਬਾਰੇ ਅਧਿਕਾਰਤ ਪੁਸ਼ਟੀ ਦੀ ਉਡੀਕ ਹੈ।