ਮਹਿਲਾ ਰਾਖਵੇਂਕਰਨ ਨੂੰ ਹੁਣੇ ਲਾਗੂ ਕਰਨ ਤੋਂ ਕੇਂਦਰ ਨੂੰ ਕੌਣ ਰੋਕ ਰਿਹੈ? ਖੜਗੇ ਨੇ PM ਮੋਦੀ ’ਤੇ ਸਾਧਿਆ ਨਿਸ਼ਾਨਾ

Top Trending News ਪੰਜਾਬ

 

Women’s reservation: ਮਹਿਲਾ ਰਾਖਵੇਂਕਰਨ ਨੂੰ ਹੁਣੇ ਲਾਗੂ ਕਰਨ ਤੋਂ ਕੇਂਦਰ ਨੂੰ ਕੌਣ ਰੋਕ ਰਿਹੈ? ਖੜਗੇ ਨੇ PM ਮੋਦੀ ’ਤੇ ਸਾਧਿਆ ਨਿਸ਼ਾਨਾ

ਨਵੀਂ ਦਿੱਲੀ, 21 ਅਕਤੂਬਰ 2026: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮਹਿਲਾਵਾਂ ਲਈ ਇੱਕ ਤਿਹਾਈ ਸੀਟਾਂ ਰਾਖਵੀਆਂ ਕਰਨ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਸਰਕਾਰ ਮਹਿਲਾਵਾਂ ਨੂੰ ਸਿਆਸੀ ਨੁਮਾਇੰਦਗੀ ਦੇਣ ਲਈ ਗੰਭੀਰ ਹੈ ਤਾਂ ਮੌਜੂਦਾ ਸੰਸਦ ਦੀਆਂ ਸੀਟਾਂ ਵਿੱਚੋਂ ਇੱਕ ਤਿਹਾਈ ਸੀਟਾਂ ਮਹਿਲਾਵਾਂ ਲਈ ਰਾਖਵੀਆਂ ਕਰਕੇ ਇਸ ਨੂੰ ਹੁਣੇ ਲਾਗੂ ਕਿਉਂ ਨਹੀਂ ਕਰਦੀ?

ਖੜਗੇ ਨੇ ਕਿਹਾ ਕਿ ਮੌਜੂਦਾ ਸਦਨ ਦੀ ਗਿਣਤੀ ਅਤੇ ਹਲਕਿਆਂ ਦੀ ਮੌਜੂਦਾ ਹੱਦਬੰਦੀ ਨੂੰ ਧਿਆਨ ਵਿੱਚ ਰੱਖਦਿਆਂ ਵੀ ਮਹਿਲਾਵਾਂ ਨੂੰ ਇੱਕ ਤਿਹਾਈ ਨੁਮਾਇੰਦਗੀ ਦੇਣ ਦਾ ਰਾਹ ਕੱਢਿਆ ਜਾ ਸਕਦਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਇਸ ਕਦਮ ਨੂੰ ਚੁੱਕਣ ਵਿੱਚ ਆਖ਼ਰ ਕਿਹੜੀ ਰੁਕਾਵਟ ਹੈ?

ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ ਕਿ ਮਹਿਲਾ ਰਾਖਵੇਂਕਰਨ ਦੇ ਮੁੱਦੇ ’ਤੇ ਵਿਰੋਧੀ ਧਿਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਰੋਧੀ ਧਿਰ ਇਸ ਕਾਨੂੰਨ ਦੇ ਖ਼ਿਲਾਫ਼ ਹੁੰਦੀ ਤਾਂ ਇਸ ਨੂੰ ਪਾਸ ਕਰਵਾਉਣ ਦੀ ਕੋਸ਼ਿਸ਼ ਹੀ ਕਿਉਂ ਕਰਦੀ? ਉਨ੍ਹਾਂ ਦੇ ਮੁਤਾਬਕ, ਸਰਕਾਰ ਵੱਲੋਂ ਇਸ ਮੁੱਦੇ ਨੂੰ ਸਿਆਸੀ ਤੌਰ ’ਤੇ ਵਰਤਿਆ ਜਾ ਰਿਹਾ ਹੈ।

ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਦੀ ਰਣਨੀਤੀ ’ਤੇ ਵੀ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮਹਿਲਾ ਰਾਖਵੇਂਕਰਨ ਦਾ ਮੁੱਦਾ ਦੇਸ਼ ਦੀ ਸਿਆਸਤ ਵਿੱਚ ਅਹਿਮ ਬਣਿਆ ਹੋਇਆ ਹੈ। ਖੜਗੇ ਦੇ ਇਸ ਬਿਆਨ ਨਾਲ ਕੇਂਦਰ ਸਰਕਾਰ ਅਤੇ ਕਾਂਗਰਸ ਵਿਚਾਲੇ ਇਸ ਵਿਸ਼ੇ ’ਤੇ ਸਿਆਸੀ ਟਕਰਾਅ ਹੋਰ ਤੇਜ਼ ਹੋਣ ਦੇ ਆਸਾਰ ਹਨ।