Tamil Nadu Breaking : ਜੇਲ੍ਹ ’ਚੋਂ 17 ਕੈਦੀ ਫ਼ਰਾਰ, ਪੁਲਿਸ ਵੱਲੋਂ ਹਾਈ ਅਲਰਟ ਜਾਰੀ
ਥੇਨੀ ਤੋਂ ਡਿੰਡੀਗੁਲ ਤੱਕ ਮਚੀ ਹਫ਼ੜਾ-ਦਫ਼ੜੀ, ਫ਼ਰਾਰ ਕੈਦੀਆਂ ਦੀ ਭਾਲ ਲਈ 17 ਟੀਮਾਂ ਗਠਿਤ
ਨਵੀਂ ਦਿੱਲੀ 27 ਅਕਤੂਬਰ 2026
ਤਾਮਿਲਨਾਡੂ ਵਿੱਚ ਜੇਲ੍ਹ ਤੋੜ ਕੇ ਕੈਦੀਆਂ ਦੇ ਫ਼ਰਾਰ ਹੋਣ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਮਿਲੀ ਜਾਣਕਾਰੀ ਅਨੁਸਾਰ, 17 ਕੈਦੀ ਜੇਲ੍ਹ ਦੀਆਂ ਬੰਦਿਸ਼ਾਂ ਤੋੜ ਕੇ ਫ਼ਰਾਰ ਹੋ ਗਏ, ਜਿਸ ਕਾਰਨ ਥੇਨੀ ਤੋਂ ਲੈ ਕੇ ਡਿੰਡੀਗੁਲ ਤੱਕ ਹੜਕੰਪ ਮਚ ਗਿਆ।
ਘਟਨਾ ਤੋਂ ਬਾਅਦ ਪੁਲਿਸ ਨੇ ਦੋਵਾਂ ਜ਼ਿਲ੍ਹਿਆਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸੂਬੇ ਭਰ ਵਿੱਚ ਚੌਕਸੀ ਵਧਾਉਂਦਿਆਂ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ, ਤਾਮਿਲਨਾਡੂ ਵਿੱਚ 16 ਥਾਵਾਂ ’ਤੇ ਚੈੱਕ ਪੋਸਟਾਂ ਸਥਾਪਤ ਕਰਕੇ ਵਾਹਨਾਂ ਅਤੇ ਆਉਣ-ਜਾਣ ਵਾਲੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਫ਼ਰਾਰ ਕੈਦੀਆਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ 17 ਟੀਮਾਂ ਬਣਾਈਆਂ ਗਈਆਂ ਹਨ। ਰਿਪੋਰਟ ਮੁਤਾਬਕ, ਅੱਜ ਸਵੇਰੇ ਚਾਰ ਕੈਦੀਆਂ ਨੂੰ ਕਾਬੂ ਕਰ ਲਿਆ ਗਿਆ ਹੈ, ਜਦਕਿ ਬਾਕੀ ਫ਼ਰਾਰ ਕੈਦੀਆਂ ਦੀ ਭਾਲ ਜਾਰੀ ਹੈ।
ਇਸ ਘਟਨਾ ਨੇ ਪੁਲਿਸ ਵਿਭਾਗ ਵਿੱਚ ਹਫ਼ੜਾ-ਦਫ਼ੜੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪੁਲਿਸ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਹਾਲਾਂਕਿ, ਫ਼ਰਾਰ ਕੈਦੀਆਂ ਦੀ ਗਿਣਤੀ ਅਤੇ ਉਨ੍ਹਾਂ ਨੂੰ ਫੜਨ ਸਬੰਧੀ ਅਧਿਕਾਰਤ ਤੌਰ ’ਤੇ ਪੂਰੀ ਜਾਣਕਾਰੀ ਦੀ ਪੁਸ਼ਟੀ ਹੋਣੀ ਅਜੇ ਬਾਕੀ ਹੈ।







