Punjab News: ਥਾਰ ਦੀ ਅਣਪਛਾਤੇ ਵਾਹਨ ਨਾਲ ਟੱਕਰ, 23 ਸਾਲਾ ਨੌਜਵਾਨ ਦੀ ਮੌਤ

Top Trending News ਪੰਜਾਬ

 

Punjab News: ਥਾਰ ਦੀ ਅਣਪਛਾਤੇ ਵਾਹਨ ਨਾਲ ਟੱਕਰ, 23 ਸਾਲਾ ਨੌਜਵਾਨ ਦੀ ਮੌਤ

ਭਵਾਨੀਗੜ੍ਹ (ਸੰਗਰੂਰ), 9 ਨਵੰਬਰ 2026: ਦੀਵਾਲੀ ਤੋਂ ਇਕ ਦਿਨ ਪਹਿਲਾਂ ਨੈਸ਼ਨਲ ਹਾਈਵੇ ’ਤੇ ਫੱਗੂਵਾਲਾ ਕੈਂਚੀਆਂ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 23 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਿਤੇਸ਼ ਜਿੰਦਲ ਪੁੱਤਰ ਸ਼ਾਮ ਲਾਲ ਵਾਸੀ ਸੰਗਰੂਰ ਵਜੋਂ ਹੋਈ ਹੈ। ਉਸ ਦੀ ਥਾਰ ਗੱਡੀ ਦੀ ਕਿਸੇ ਅਣਪਛਾਤੇ ਵਾਹਨ ਨਾਲ ਟੱਕਰ ਹੋ ਗਈ ਸੀ।

ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀ ਏਐੱਸਆਈ ਸ਼ਮਸ਼ੇਰ ਸਿੰਘ ਅਨੁਸਾਰ ਹਾਦਸਾ ਦੇਰ ਰਾਤ ਫੱਗੂਵਾਲਾ ਕੈਂਚੀਆਂ ਵਾਲੇ ਪੁਲ ’ਤੇ ਵਾਪਰਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਨਿਤੇਸ਼ ਗੱਡੀ ਵਿੱਚ ਬੁਰੀ ਤਰ੍ਹਾਂ ਫਸ ਗਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਏਐੱਸਆਈ ਜਸਵਿੰਦਰ ਸਿੰਘ ਮੁਤਾਬਕ ਨਿਤੇਸ਼ ਦਾ ਜ਼ੀਰਕਪੁਰ ਵਿਖੇ ਕਾਰੋਬਾਰ ਸੀ ਅਤੇ ਉਹ ਉੱਥੋਂ ਸੰਗਰੂਰ ਵਾਪਸ ਆ ਰਿਹਾ ਸੀ। ਇਸ ਦੌਰਾਨ ਪੁਲ ’ਤੇ ਅੱਗੇ ਜਾ ਰਹੇ ਕਿਸੇ ਟਰੱਕ ਜਾਂ ਹੋਰ ਵਾਹਨ ਨਾਲ ਉਸ ਦੀ ਥਾਰ ਟਕਰਾ ਗਈ। ਹਾਦਸੇ ਤੋਂ ਬਾਅਦ ਦੂਜੇ ਵਾਹਨ ਦਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।

ਪੁਲਿਸ ਨੇ ਅਣਪਛਾਤੇ ਵਾਹਨ ਦੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨੌਜਵਾਨ ਦੀ ਮੌਤ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।