ਅਮਰੀਕੀ ਸੰਸਦ ’ਚ ਰੱਖਿਆ ਮੰਤਰੀ ਪੀਟ ਹੇਗਸੇਥ ਨੂੰ ਵੱਡੀ ਰਾਹਤ, ਮਹਾਦੋਸ਼ ਪ੍ਰਸਤਾਵ ਡਿੱਗਿਆ
ਵਾਸ਼ਿੰਗਟਨ 11 ਨਵੰਬਰ 2026
ਅਮਰੀਕੀ ਸੰਸਦ ਵਿੱਚ ਰਿਪਬਲਿਕਨ ਪਾਰਟੀ ਨੇ ਰੱਖਿਆ ਮੰਤਰੀ ਪੀਟ ਹੇਗਸੇਥ ਵਿਰੁੱਧ ਲਿਆਂਦੇ ਗਏ ਮਹਾਦੋਸ਼ ਪ੍ਰਸਤਾਵ ਨੂੰ ਡੇਗ ਦਿੱਤਾ ਹੈ। ਸਦਨ ਵਿੱਚ ਹੋਏ ਸਖ਼ਤ ਮੁਕਾਬਲੇ ਦੌਰਾਨ ਇਸ ਪ੍ਰਸਤਾਵ ਨੂੰ 211 ਦੇ ਮੁਕਾਬਲੇ 204 ਵੋਟਾਂ ਨਾਲ ਇੱਕ ਕਮੇਟੀ ਕੋਲ ਭੇਜਣ ਦਾ ਫ਼ੈਸਲਾ ਕੀਤਾ ਗਿਆ।
ਇਸ ਰਣਨੀਤਕ ਕਦਮ ਕਾਰਨ ਪ੍ਰਸਤਾਵ ’ਤੇ ਸਦਨ ਵਿੱਚ ਸਿੱਧੀ ਬਹਿਸ ਅਤੇ ਵੋਟਿੰਗ ਟਲ ਗਈ ਹੈ। ਇਸ ਨਾਲ ਫਿਲਹਾਲ ਮਹਾਦੋਸ਼ ਦੀ ਕਾਰਵਾਈ ਅੱਗੇ ਵਧਣ ਦੀ ਸੰਭਾਵਨਾ ਵੀ ਮੱਠੀ ਪੈ ਗਈ ਹੈ ਅਤੇ ਮਾਮਲਾ ਠੰਢੇ ਬਸਤੇ ਵਿੱਚ ਪੈ ਗਿਆ ਹੈ।
ਰਿਪਬਲਿਕਨ ਪਾਰਟੀ ਦੀ ਇਸ ਸਫ਼ਲਤਾ ਨਾਲ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੀ ਵੱਡੀ ਰਾਹਤ ਮਿਲੀ ਹੈ। ਹੇਗਸੇਥ ਵਿਰੁੱਧ ਮਹਾਦੋਸ਼ ਪ੍ਰਸਤਾਵ ’ਤੇ ਸਿੱਧੀ ਚਰਚਾ ਅਤੇ ਵੋਟਿੰਗ ਹੋਣ ਨਾਲ ਟਰੰਪ ਪ੍ਰਸ਼ਾਸਨ ਲਈ ਸਿਆਸੀ ਤੌਰ ’ਤੇ ਅਸਹਿਜ ਸਥਿਤੀ ਪੈਦਾ ਹੋ ਸਕਦੀ ਸੀ।
ਸਦਨ ਦੇ ਇਸ ਫ਼ੈਸਲੇ ਨੇ ਫਿਲਹਾਲ ਰੱਖਿਆ ਮੰਤਰੀ ਨੂੰ ਸੰਭਾਵਿਤ ਮਹਾਦੋਸ਼ ਦੀ ਕਾਰਵਾਈ ਤੋਂ ਬਚਾ ਲਿਆ ਹੈ।





