ਮੁੰਬਈ ਲੋਕਲ ਟ੍ਰੇਨ ’ਚ ਛੇੜਛਾੜ ਦਾ ਵਿਰੋਧ ਕਰਨ ’ਤੇ ਲੜਕੀ ਨੂੰ ਪਟੜੀ ’ਤੇ ਦਿੱਤਾ ਧੱਕਾ, ਇੱਕ ਬਾਂਹ ਕੱਟੀ ਗਈ; ਸਿਰ ’ਤੇ ਲੱਗੇ 16 ਟਾਂਕੇ

Top Trending News ਰਾਸ਼ਟਰੀ
  • ਮੁੰਬਈ ਲੋਕਲ ਟ੍ਰੇਨ ’ਚ ਛੇੜਛਾੜ ਦਾ ਵਿਰੋਧ ਕਰਨ ’ਤੇ ਲੜਕੀ ਨੂੰ ਪਟੜੀ ’ਤੇ ਦਿੱਤਾ ਧੱਕਾ, ਇੱਕ ਬਾਂਹ ਕੱਟੀ ਗਈ; ਸਿਰ ’ਤੇ ਲੱਗੇ 16 ਟਾਂਕੇ

ਮੁੰਬਈ, 13 ਨਵੰਬਰ (ਦੇਸ਼ ਕਲਿੱਕ ਬਿਊਰੋ): ਮੁੰਬਈ ਦੀ ਲੋਕਲ ਟ੍ਰੇਨ ਵਿੱਚ ਛੇੜਛਾੜ ਦਾ ਵਿਰੋਧ ਕਰਨਾ ਇੱਕ 20 ਸਾਲਾ ਲੜਕੀ ਨੂੰ ਭਾਰੀ ਪੈ ਗਿਆ। ਦੋਸ਼ ਹੈ ਕਿ ਛੇੜਛਾੜ ਦਾ ਵਿਰੋਧ ਕਰਨ ’ਤੇ ਮੁਲਜ਼ਮ ਨੇ ਉਸ ਨੂੰ ਰੇਲਵੇ ਪਟੜੀ ’ਤੇ ਧੱਕਾ ਦੇ ਦਿੱਤਾ। ਟ੍ਰੇਨ ਦੀ ਲਪੇਟ ਵਿੱਚ ਆਉਣ ਕਾਰਨ ਲੜਕੀ ਦੀ ਇੱਕ ਬਾਂਹ ਕੱਟ ਗਈ, ਜਦਕਿ ਸਿਰ ’ਤੇ ਗੰਭੀਰ ਸੱਟਾਂ ਲੱਗਣ ਕਾਰਨ 16 ਟਾਂਕੇ ਲਗਾਉਣੇ ਪਏ। ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਜਿਤੇਂਦਰ ਹੀਰਮੁਖੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਘਟਨਾ 4 ਨਵੰਬਰ ਦੀ ਦੱਸੀ ਜਾ ਰਹੀ ਹੈ। ਪੀੜਤਾ ਗੋਰੇਗਾਓਂ ਤੋਂ ਨਾਇਗਾਓਂ ਜਾਣ ਲਈ ਲੋਕਲ ਟ੍ਰੇਨ ਵਿੱਚ ਸਵਾਰ ਹੋਈ ਸੀ। ਦੋਸ਼ ਹੈ ਕਿ ਸਫ਼ਰ ਦੌਰਾਨ ਜਿਤੇਂਦਰ ਨੇ ਉਸ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਲੜਕੀ ਨੇ ਇਸ ਦਾ ਵਿਰੋਧ ਕੀਤਾ ਤਾਂ ਦੋਵਾਂ ਵਿਚਾਲੇ ਤਕਰਾਰ ਅਤੇ ਹੱਥੋਪਾਈ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਟ੍ਰੇਨ ਰੁਕਣ ਮੌਕੇ ਮੁਲਜ਼ਮ ਨੇ ਲੜਕੀ ਨੂੰ ਧੱਕਾ ਦੇ ਦਿੱਤਾ, ਜਿਸ ਕਾਰਨ ਉਹ ਦੋ ਡੱਬਿਆਂ ਵਿਚਕਾਰ ਪਟੜੀ ’ਤੇ ਜਾ ਡਿੱਗੀ ਅਤੇ ਟ੍ਰੇਨ ਦੀ ਲਪੇਟ ਵਿੱਚ ਆ ਗਈ।

ਵੀਡੀਓ ਰਾਹੀਂ ਸੁਣਾਈ ਹੱਡਬੀਤੀ
ਪੀੜਤਾ ਨੇ ਇੱਕ ਵੀਡੀਓ ਵਿੱਚ ਆਪਣੇ ਨਾਲ ਵਾਪਰੀ ਘਟਨਾ ਬਾਰੇ ਦੱਸਿਆ। ਉਸ ਮੁਤਾਬਕ, ਉਹ ਗੋਰੇਗਾਓਂ ਤੋਂ ਟ੍ਰੇਨ ਵਿੱਚ ਬੈਠੀ ਸੀ ਅਤੇ ਨਾਇਗਾਓਂ ਸਟੇਸ਼ਨ ’ਤੇ ਉਤਰਨਾ ਸੀ। ਸਫ਼ਰ ਦੌਰਾਨ ਇੱਕ ਵਿਅਕਤੀ ਉਸ ਨੂੰ ਗਲਤ ਤਰੀਕੇ ਨਾਲ ਛੂਹ ਰਿਹਾ ਸੀ। ਵਿਰੋਧ ਕਰਨ ’ਤੇ ਦੋਵਾਂ ਵਿਚਾਲੇ ਝਗੜਾ ਹੋ ਗਿਆ ਅਤੇ ਉਹ ਟ੍ਰੇਨ ਤੋਂ ਹੇਠਾਂ ਉਤਰ ਗਈ। ਲੜਕੀ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਵੀ ਮੁਲਜ਼ਮ ਨੇ ਉਸ ਨੂੰ ਤੰਗ ਕਰਨਾ ਜਾਰੀ ਰੱਖਿਆ। ਉਸ ਨੇ ਮੁਲਜ਼ਮ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਪੁੱਛਿਆ ਕਿ ਕੀ ਉਸ ਦੇ ਘਰ ਵਿੱਚ ਮਾਂ-ਭੈਣ ਨਹੀਂ ਹਨ, ਪਰ ਉਹ ਨਹੀਂ ਮੰਨਿਆ। ਪੀੜਤਾ ਮੁਤਾਬਕ, ਮੁਲਜ਼ਮ ਨੇ ਉਸ ਨੂੰ ਗਾਲ੍ਹਾਂ ਕੱਢੀਆਂ, ਚੱਪਲ ਨਾਲ ਕੁੱਟਮਾਰ ਕੀਤੀ ਅਤੇ ਫਿਰ ਧੱਕਾ ਦੇ ਦਿੱਤਾ। ਵੀਡੀਓ ਵਿੱਚ ਲੜਕੀ ਨੇ ਕਿਹਾ ਕਿ ਇਸ ਘਟਨਾ ਨੇ ਉਸ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹੈ। ਉਹ ਆਪਣੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸੰਭਾਲਦੀ ਸੀ ਅਤੇ ਹੁਣ ਉਸ ਨੂੰ ਸਿਰਫ਼ ਇਨਸਾਫ਼ ਚਾਹੀਦਾ ਹੈ।

ਪਰਿਵਾਰ ਨੇ ਕਤਲ ਦੀ ਕੋਸ਼ਿਸ਼ ਦੀ ਧਾਰਾ ਲਾਉਣ ਦੀ ਕੀਤੀ ਮੰਗ
ਪੁਲਿਸ ਨੇ ਮੁਲਜ਼ਮ ਜਿਤੇਂਦਰ ਹੀਰਮੁਖੇ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 74, 117 ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਹਾਲਾਂਕਿ, ਪੀੜਤਾ ਦੇ ਪਰਿਵਾਰ ਨੇ ਪੁਲਿਸ ਦੀ ਜਾਂਚ ਅਤੇ ਲਗਾਈਆਂ ਗਈਆਂ ਧਾਰਾਵਾਂ ’ਤੇ ਸਵਾਲ ਖੜ੍ਹੇ ਕੀਤੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਲੜਕੀ ਨੂੰ ਟ੍ਰੇਨ ਅੱਗੇ ਧੱਕਿਆ ਗਿਆ ਅਤੇ ਉਸ ਦੀ ਜਾਨ ਨੂੰ ਖ਼ਤਰਾ ਪੈਦਾ ਹੋਇਆ ਤਾਂ ਮੁਲਜ਼ਮ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਨਾਲ ਸਬੰਧਤ BNS ਦੀ ਧਾਰਾ 109 ਕਿਉਂ ਨਹੀਂ ਲਗਾਈ ਗਈ?

ਇਸ ਮਾਮਲੇ ਨੂੰ ਲੈ ਕੇ ਪਰਿਵਾਰ ਨੇ ਮਹਾਰਾਸ਼ਟਰ ਨਵਨਿਰਮਾਣ ਸੈਨਾ (MNS) ਦੇ ਅਹੁਦੇਦਾਰਾਂ ਨਾਲ ਮਿਲ ਕੇ ਰੇਲਵੇ ਪੁਲਿਸ ਦੇ ਸੀਨੀਅਰ ਇੰਸਪੈਕਟਰ ਕੋਲ ਆਪਣੀ ਸ਼ਿਕਾਇਤ ਰੱਖੀ। ਪੁਲਿਸ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਜਾਂਚ ਦੇ ਆਧਾਰ ’ਤੇ ਲੋੜੀਂਦੀਆਂ ਹੋਰ ਧਾਰਾਵਾਂ ਵੀ ਜੋੜੀਆਂ ਜਾਣਗੀਆਂ।