ਝਾਰਖੰਡ ਦੇ ਸਥਾਪਨਾ ਦਿਵਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਸੂਬਾ ਵਾਸੀਆਂ ਨੂੰ ਦਿੱਤੀ ਵਧਾਈ
ਨਵੀਂ ਦਿੱਲੀ 15 ਨਵੰਬਰ 2026
ਝਾਰਖੰਡ ਦੇ ਸਥਾਪਨਾ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਝਾਰਖੰਡ ਆਉਣ ਵਾਲੇ ਸਮੇਂ ਵਿੱਚ ਵਿਕਾਸ ਦੀਆਂ ਨਵੀਆਂ ਉਚਾਈਆਂ ਛੂਹੇਗਾ ਅਤੇ ਸੂਬਾ ਵਾਸੀਆਂ ਦੇ ਜੀਵਨ ਵਿੱਚ ਖ਼ੁਸ਼ਹਾਲੀ ਆਵੇਗੀ।
ਪ੍ਰਧਾਨ ਮੰਤਰੀ ਨੇ ਸਮਾਜਿਕ ਮੰਚ ‘ਐਕਸ’ ’ਤੇ ਸਾਂਝੇ ਕੀਤੇ ਸੁਨੇਹੇ ਵਿੱਚ ਝਾਰਖੰਡ ਦੀ ਸੱਭਿਆਚਾਰਕ ਵਿਰਾਸਤ, ਕਬਾਇਲੀ ਮਾਣ, ਕੁਦਰਤੀ ਸੁੰਦਰਤਾ ਅਤੇ ਅਮੀਰ ਖਣਿਜ ਸੰਪਦਾ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸੰਘਣੇ ਜੰਗਲ, ਮਨਮੋਹਕ ਝਰਨੇ ਅਤੇ ਇਤਿਹਾਸਕ ਸਥਾਨ ਇਸ ਸੂਬੇ ਦੀ ਵਿਲੱਖਣ ਪਛਾਣ ਹਨ।
ਮੋਦੀ ਨੇ ਮਹਾਨ ਆਦਿਵਾਸੀ ਆਜ਼ਾਦੀ ਘੁਲਾਟੀਏ ਭਗਵਾਨ ਬਿਰਸਾ ਮੁੰਡਾ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਬਿਰਸਾ ਮੁੰਡਾ ਦੀਆਂ ਕੁਰਬਾਨੀਆਂ ਦੀਆਂ ਗਾਥਾਵਾਂ ਸੂਬੇ ਦੀਆਂ ਪਰੰਪਰਾਵਾਂ ਅਤੇ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਖਣਿਜ, ਊਰਜਾ, ਦਸਤਕਾਰੀ ਅਤੇ ਸੈਰ-ਸਪਾਟੇ ਦੇ ਖੇਤਰਾਂ ਵਿੱਚ ਝਾਰਖੰਡ ਅੰਦਰ ਵਿਕਾਸ ਦੀਆਂ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਨੂੰ ਭਰੋਸਾ ਹੈ ਕਿ ਸੂਬੇ ਦੇ ਮਿਹਨਤੀ ਅਤੇ ਪ੍ਰਤਿਭਾਸ਼ਾਲੀ ਲੋਕਾਂ ਦੇ ਯਤਨਾਂ ਸਦਕਾ ਝਾਰਖੰਡ ਤਰੱਕੀ ਦੀਆਂ ਨਵੀਆਂ ਮੰਜ਼ਿਲਾਂ ਹਾਸਲ ਕਰੇਗਾ।





