- ਨਸ਼ਿਆਂ ਨਾਲ ਸਿਰਫ ਪੋਸਟਰਾਂ ਜਾਂ ਇਸ਼ਤਿਹਾਰਾਂ ਨਾਲ ਨਹੀਂ ਲੜਿਆ ਜਾ ਸਕਦਾ: ਹਰਸਿਮਰਤ ਬਾਦਲ
- ਜ਼ੋਰ ਦੇ ਕੇ ਕਿਹਾ ਕਿ ਆਪ ਆਗੂ ਸਿਖ਼ਰ ਤੋਂ ਲੈ ਕੇ ਹੇਠਾਂ ਤੱਕ ਪੰਜਾਬੀ ਨੌਜਵਾਨਾਂ ਦੀ ਜਾਨ ਦੀ ਕੀਮਤ ’ਤੇ ਨਸ਼ਾ ਵਪਾਰ ਤੋਂ ਮੁਨਾਫਾ ਕਮਾ ਰਹੇ ਹਨ
- ਸਾਹਨੇਵਾਲ ਤੇ ਫਿਲੌਰ ਵਿਚ ਮਾਵਾਂ ਧੀਆਂ ਦੀ ਲਲਕਾਰ ਮੁਹਿੰਮ ਦੌਰਾਨ ਵਿਸ਼ਾਲ ਪ੍ਰੋਗਰਾਮਾਂ ਨੂੰ ਕੀਤਾ ਸੰਬੋਧਨ
ਜਲੰਧਰ/ ਲੁਧਿਆਣਾ/ਚੰਡੀਗੜ੍ਹ ,19 ਨਵੰਬਰ (ਦੇਸ਼ ਕਲਿੱਕ ਬਿਊਰੋ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਨਸ਼ਿਆਂ ਵਿਰੁੱਧ ਯੁੱਧ ਸਿਰਫ ਪੋਸਟਰਾਂ ਤੇ ਇਸ਼ਤਿਹਾਰਾਂ ਨਾਲ ਨਹੀਂ ਲੜਿਆ ਜਾ ਸਕਦਾ ਤੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਆਗੂ ਸਿਖ਼ਰ ਤੋਂ ਲੈ ਕੇ ਹੇਠਾਂ ਤੱਕ ਪੰਜਾਬੀ ਨੌਜਵਾਨਾਂ ਦੀ ਜਾਨ ਦੀ ਕੀਮਤ ’ਤੇ ਨਸ਼ਾ ਤਸਕਰੀ ਤੋਂ ਮੁਨਾਫਾ ਕਮਾ ਰਹੇ ਹਨ।
ਬਠਿੰਡਾ ਦੇ ਐਮ ਪੀ ਜਿਹਨਾਂ ਨੇ ਸਾਹਨੇਵਾਲ ਅਤੇ ਫਿਲੌਰ ਵਿਖੇ ਮਾਵਾਂ ਧੀਆਂ ਦੀ ਲਲਕਾਰ ਪ੍ਰੋਗਰਾਮ ਤਹਿਤ ਵਿਸ਼ਾਲ ਪ੍ਰੋਗਰਾਮਾਂ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਕਰੋੜਾਂ ਰੁਪਏ ਪੋਸਟਰ ਮੁਹਿੰਮ ’ਤੇ ਬਰਬਾਦ ਕੀਤੇ ਜਾ ਰਹੇ ਹਨ ਜਦੋਂ ਕਿ ਸਾਡੇ ਸੂਬੇ ਦੀਆਂ ਮਾਵਾਂ ਤਰਲੇ ਕਰ ਰਹੀਆਂ ਹਨ ਕਿ ਨਸ਼ੇ ਉਹਨਾਂ ਦੇ ਬੱਚਿਆਂ ਨੂੰ ਖਤਮ ਕਰ ਰਹੇ ਹਨ। ਉਹਨਾਂਕਿਹਾ ਕਿ ਬਜਾਏ ਖੋਖਲੇ ਨਾਅਰੇ ਲਾਉਣ ਦੇ ਆਪ ਸਰਕਾਰ ਨੂੰ ਨਸ਼ਿਆਂ ਕਾਰਨ ਮਾਰੇ ਗਏ ਲੱਖਾਂ ਨੌਜਵਾਨਾਂ ਬਾਰੇ ਦੱਸਣਾ ਚਾਹੀਦਾ ਹੈ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਦੇ ਰਾਜ ਵਿਚ ਨਸ਼ੇ ਬੇਖੌਫ ਹੋ ਕੇ ਵੇਚੇ ਜਾ ਰਹੇ ਹਨ। ਉਹਨਾਂ ਕਿਹਾ ਕਿ ਹਾਲ ਹੀ ਵਿਚ ਹੋਈਆਂ ਬਰਾਮਦਗੀਆਂ ਨੇ ਇਹ ਗੱਲ ਸਾਬਤ ਵੀ ਕੀਤੀ ਹੈ। ਉਹਨਾਂ ਦੱਸਿਆ ਕਿ ਕਿਵੇਂ ਆਪ ਆਗੂਆਂ ਨੂੰ ਹਾਲ ਹੀ ਵਿਚ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਨਾਲ ਫੜਿਆ ਗਿਆ ਤੇ ਆਪ ਦੇ ਸਰਪੰਚ ਪਰਮਿੰਦਰ ਸਿੰਘ ਕਲਸੀਆਂ ਨੂੰ ਐਨ ਸੀ ਬੀ ਦੀਆਂ ਟੀਮਾਂ ਨੇ 1600 ਕਰੋੜ ਰੁਪਏ ਦੀ ਹੈਰੋਇਨ ਤੇ ਹੋਰ ਨਸ਼ੇ ਨਾਲ ਫੜਿਆ।
ਉਹਨਾਂ ਕਿਹਾ ਕਿ ਇਸੇ ਤਰੀਕੇ ਆਪ ਦੇ ਮਜੀਠਾ ਹਲਕੇ ਦੇ ਯੂਥ ਪ੍ਰਧਾਨ ਲਵਪ੍ਰੀਤ ਸਿੰਘ ਨੂੰ 100 ਕਰੋੜ ਰੁਪਏ ਦੇ ਨਸ਼ੇ ਨਾਲ ਫੜਿਆ ਗਿਆ ਪਰ ਸਰਕਾਰ ਨੇ ਅਦਾਲਤ ਵਿਚ ਚਲਾਨ ਹੀ ਪੇਸ਼ ਨਹੀਂ ਕੀਤਾ ਜਿਸ ਕਾਰਨ ਉਹ ਜ਼ਮਾਨਤ ’ਤੇ ਛੁੱਟ ਗਿਆ। ਉਹਨਾਂ ਕਿਹਾ ਕਿ ਅਜਿਹੇ ਵੀ ਮਾਮਲੇ ਹਨ ਜਦੋਂ ਆਪ ਆਗੂਆਂ ਦੇ ਹੋਰ ਰਿਸ਼ਤੇਦਾਰ ਵੀ ਨਸ਼ਿਆਂ ਨਾਲ ਫੜੇ ਗਏ ਹੋਣ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਮਾੜੇ ਹਾਲਾਤਾਂ ਲਈ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਖੁਦ ਇਹ ਦਾਅਵਾ ਕੀਤਾ ਸੀ ਕਿ ਉਹਨਾਂ ਨੂੰ ਪਤਾ ਹੈ ਕਿ ਨਸ਼ਾ ਕਿਥੇ ਬਣਦਾ ਹੈ ਤੇ ਕੌਣ ਇਹ ਵੇਚ ਰਿਹਾ ਹੈ। ਉਹਨਾਂ ਕਿਹਾ ਕਿ ਹਾਲੇ ਤੱਕ ਉਹਨਾਂ ਨੇ ਇਕ ਵੀ ’ਚਿੱਟਾ’ ਫੈਕਟਰੀ ਬੇਨਕਾਬ ਨਹੀਂ ਕੀਤੀ ਤੇ ਨਾ ਹੀ ਕਿਸੇ ਵੱਡੇ ਨਸ਼ਾ ਤਸਕਰ ਨੂੰ ਫੜਿਆ ਹੈ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਐਨ ਸੀ ਆਰ ਬੀ ਦੇ ਤਾਜ਼ਾ ਅੰਕੜੇ ਦੱਸਦੇ ਹਨ ਕਿ ਨਸ਼ਾ ਤਸਕਰੀ ਦੇ ਮਾਮਲੇ ਵਿਚ ਪੰਜਾਬ ਨੰਬਰ ਇਕ ’ਤੇਹੈ ਤੇ ਨਸ਼ਿਆਂ ਦੀ ਓਵਰਡੋਜ਼ ਕਾਰਨ ਮੌਤਾਂ ਦੇ ਮਾਮਲੇ ’ਤੇ ਨੰਬਰ ਦੋ ’ਤੇ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਇਕ ਸਾਲ ਵਿਚ ਇਕ ਪਿੰਡ ਵਿਚ ਨਸ਼ਿਆਂ ਨਾਲ ਦੋ ਜਾਂ ਤਿੰਨ ਮੌਤਾਂ ਦਾ ਹਿਸਾਬ ਵੀ ਲਾਈਏ ਤਾਂ 13000 ਪਿੰਡਾਂ ਵਿਚ ਹੋਈਆਂ ਦਾ ਅੰਕੜਾ ਪੰਜ ਸਾਲਾਂ ਵਿਚ ਲੱਖਾਂ ਦੀ ਗਿਣਤੀ ਟੱਪ ਜਾਂਦਾ ਹੈ ਜਦੋਂ ਕਿ ਸ਼ਹਿਰੀ ਖੇਤਰਾਂ ਵਿਚ ਹੋਈਆਂ ਮੌਤਾਂ ਦੀ ਗਿਣਤੀ ਵੱਖਰੀ ਹੈ।
ਉਹਨਾਂ ਕਿਹਾ ਕਿ ਜਿਹੜੀਆਂ ਮਾਵਾਂ ਨੇ ਨਸ਼ਿਆਂ ਕਾਰਨ ਪੁੱਤ ਗੁਆਏ ਉਸਦਾ ਹਿਸਾਬ ਨਹੀਂ ਲਾਇਆ ਜਾ ਸਕਦਾ। ਉਹਨਾਂ ਕਿਹਾ ਕਿ ਸੁਲਤਾਨਪੁਰ ਲੋਧੀ ਦੀ ਮਨਜੀਤ ਕੌਰ ਨੇ ਸੱਤ ਸਾਲਾਂ ਵਿਚ ਪੰਜ ਪੁੱਤ ਨਸ਼ਿਆਂ ਕਾਰਨ ਗੁਆਏ ਹਨ। ਜ਼ੀਰਾ ਦੀ ਪ੍ਰੀਤੋ ਨੇ ਚਾਰ ਪੁੱਤਰ ਨਸ਼ਿਆਂ ਕਾਰਨ ਗੁਆਏ ਹਨ। ਉਹਨਾਂ ਕਿਹਾ ਕਿ ਜਿਥੇ ਵੀ ਮੈਂ ਜਾਂਦੀ ਹੈ ਔਰਤਾਂ ਮੈਥੋਂ ਸਿਰਫ ਇਕ ਵਾਅਦਾ ਮੰਗਦੀਆਂ ਹਨ ਕਿ ਅਸੀਂ ਨਸ਼ਾ ਹਮੇਸ਼ਾ ਹਮੇਸ਼ਾ ਲਈ ਖ਼ਤਮ ਕਰਾਂਗੇ। ਉਹਨਾਂ ਕਿਹਾ ਕਿ ਇਸੇ ਕਾਰਨ ਮੈਂ ਇਹ ਜ਼ਿੰਮੇਵਾਰੀ ਲਈ ਹੈ। ਉਹਨਾਂ ਕਿਹਾ ਕਿ ਮੈਂ ਸੂਬੇ ਦੇ ਹਰ ਕੋਨੇ ਵਿਚ ਗਈ ਹੈ। ਹਰ ਪਾਸੇ ਔਰਤਾਂ ਮੈਨੂੰ ਆਖਦੀਆਂ ਹਨ ਕਿ ਉਹਨਾਂ ਨੂੰ ਆਟਾ ਭਾਵੇਂ ਨਾ ਮਿਲੇ ਪਰ ਨਸ਼ਾ ਹਰ ਪਾਸੇ ਮਿਲ ਜਾਂਦਾ ਹੈ।
ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਅਸੀਂ ਮਾਈ ਭਾਗੋ ਦੀ ਫੌਜ ਬਣਾਈ ਹੈ। ਉਹਨਾਂ ਕਿਹਾ ਕਿ ਹਰ ਰੋਜ਼ ਵੱਡੀ ਗਿਣਤੀ ਵਿਚ ਔਰਤਾਂ ਇਸ ਫੌਜ ਦਾ ਹਿੱਸਾ ਬਣ ਰਹੀਆਂ ਹਨ ਤਾਂ ਜੋ ਨਸ਼ਿਆਂ ਨਾਲ ਨਜਿੱਠਿਆ ਜਾ ਸਕੇ। ਉਹਨਾਂ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਫੌਜ ਦਾ ਹਿੱਸਾ ਬਣ ਕੇ ਨਸ਼ੇ ਵੇਚਣ ਵਾਲਿਆਂ ਤੇ ਉਹਨਾਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਦਾ ਰਿਕਾਰਡ ਬਣਾਉਣ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਅਸੀਂ ਇਕ ਮਹਿਲਾ ਡੀ ਜੀ ਪੀ ਦੀ ਅਗਵਾਈ ਹੇਠ ਇਕ ਵਿਸ਼ੇਸ਼ ਟਾਸਕ ਫੋਰਸ ਬਣਾਵਾਂਗੇ ਜੋ ਇਹਨਾਂ ਸਾਰੇ ਮਾਮਲਿਆਂ ਨਾਲ ਨਜਿੱਠੇਗੀ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਇਕ ਕਾਨੂੰਨ ਲਿਆਵੇਗੀ ਜਿਸ ਤਹਿਤ ਨਸ਼ਾ ਤਸਕਰਾਂ ਨੂੰ 10 ਸਾਲ ਤੱਕ ਜ਼ਮਾਨਤ ਨਹੀਂ ਮਿਲੇਗੀ ਅਤੇ ਉਹਨਾਂ ਦੀਆਂ ਜਾਇਦਾਦਾਂ ਵੇਚ ਕੇ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।
ਇਸ ਮੌਕੇ ਹਾਜ਼ਰ ਸੀਨੀਅਰ ਆਗੂਆਂ ਵਿਚ ਸ਼ਰਨਜੀਤ ਸਿੰਘ ਢਿੱਲੋਂ, ਪਵਨਦੀਪ ਕੌਰ ਤੇ ਸਿਮਰਨਜੀਤ ਸਿੰਘ ਢਿੱਲੋਂ ਸਮਰਾਲਾ ਵਿਖੇ ਅਤੇ ਬਲਦੇਵ ਖਹਿਰਾ ਤੇ ਉਹਨਾਂ ਦੀ ਪਤਨੀ ਭਾਵਨਾ ਖੋਸਲਾ ਖਹਿਰਾ ਫਿਲੌਰ ਵਿਖੇ ਹਾਜ਼ਰ ਸਨ।





