- ਮੋਹਾਲੀ ’ਚ 2 ਸਾਲਾ ਬੱਚੇ ਦੇ ਕਤਲ ਦੀ ਗੁੱਥੀ ਸੁਲਝੀ, ਪਿੰਡ ਦੀ ਹੀ ਔਰਤ ਗ੍ਰਿਫ਼ਤਾਰ
ਮੋਹਾਲੀ: 19 ਨਵੰਬਰ (ਦੇਸ਼ ਕਲਿੱਕ ਬਿਊਰੋ): ਮੋਹਾਲੀ ਦੇ ਲਾਲੜੂ ਨੇੜਲੇ ਪਿੰਡ ਬੱਲੋਪੁਰ ਵਿੱਚ ਦੋ ਸਾਲਾ ਬੱਚੇ ਗੁਰਸਾਂਝ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਪਿੰਡ ਦੀ ਹੀ ਰਹਿਣ ਵਾਲੀ ਸੋਨਿਕਾ ਨਾਮਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਔਰਤ ਬੱਚੇ ਨੂੰ ਖੇਡਦੇ ਹੋਏ ਆਪਣੇ ਘਰ ਲੈ ਗਈ ਸੀ, ਜਿੱਥੇ ਉਸ ਨੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਗੁਆਂਢੀ ਦੇ ਘਰ ਦੀ ਛੱਤ ’ਤੇ ਰੱਖ ਦਿੱਤੀ ਗਈ।
ਪੁਲਿਸ ਜਾਂਚ ਮੁਤਾਬਕ, ਔਰਤ ਦਾ ਕੁਝ ਦਿਨ ਪਹਿਲਾਂ ਗਰਭਪਾਤ ਹੋਇਆ ਸੀ ਅਤੇ ਉਹ ਇਸ ਗੱਲ ਨੂੰ ਲੈ ਕੇ ਗੁੱਸੇ ਵਿੱਚ ਸੀ। ਉਸ ਨੂੰ ਘਰ ਦੇ ਬਾਹਰ ਖੇਡਦੇ ਅਤੇ ਹੱਸਦੇ ਬੱਚੇ ਨੂੰ ਦੇਖਣਾ ਬਰਦਾਸ਼ਤ ਨਹੀਂ ਹੋ ਰਿਹਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਗੁਆਂਢੀ ਪਰਿਵਾਰ ਨਾਲ ਬੱਚੇ ਦੇ ਪਰਿਵਾਰ ਦੀ ਪੁਰਾਣੀ ਰੰਜਿਸ਼ ਦਾ ਫਾਇਦਾ ਚੁੱਕਦਿਆਂ ਉਸ ਨੇ ਲਾਸ਼ ਉੱਥੇ ਰੱਖੀ, ਤਾਂ ਜੋ ਕਤਲ ਦਾ ਸ਼ੱਕ ਗੁਆਂਢੀਆਂ ’ਤੇ ਜਾਵੇ।
14 ਨਵੰਬਰ ਨੂੰ ਘਰ ਦੇ ਬਾਹਰੋਂ ਹੋਇਆ ਸੀ ਲਾਪਤਾ
ਜਾਣਕਾਰੀ ਅਨੁਸਾਰ, ਬੱਲੋਪੁਰ ਵਾਸੀ ਗੁਰਵਿੰਦਰ ਸਿੰਘ ਦਾ ਦੋ ਸਾਲਾ ਪੁੱਤਰ ਗੁਰਸਾਂਝ 14 ਨਵੰਬਰ ਨੂੰ ਦੁਪਹਿਰ ਕਰੀਬ ਡੇਢ ਵਜੇ ਘਰ ਦੇ ਬਾਹਰ ਗਲੀ ਵਿੱਚ ਖੇਡ ਰਿਹਾ ਸੀ। ਕੁਝ ਸਮੇਂ ਬਾਅਦ ਜਦੋਂ ਪਰਿਵਾਰ ਨੇ ਉਸ ਦੀ ਭਾਲ ਕੀਤੀ ਤਾਂ ਉਹ ਕਿਤੇ ਨਹੀਂ ਮਿਲਿਆ। ਰਿਸ਼ਤੇਦਾਰਾਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਤਲਾਸ਼ ਕਰਨ ਦੇ ਬਾਵਜੂਦ ਕੋਈ ਸੁਰਾਗ ਨਾ ਮਿਲਣ ’ਤੇ ਪਰਿਵਾਰ ਨੇ ਲਾਲੜੂ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਬੱਚੇ ਦੀ ਭਾਲ ਲਈ ਤਿੰਨ ਵਿਸ਼ੇਸ਼ ਟੀਮਾਂ ਬਣਾਈਆਂ ਅਤੇ ਪਿੰਡ ਤੇ ਨੇੜਲੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ। 15 ਨਵੰਬਰ ਦੀ ਸਵੇਰ ਕਰੀਬ 20 ਘੰਟਿਆਂ ਬਾਅਦ ਬੱਚੇ ਦੀ ਲਾਸ਼ ਘਰ ਤੋਂ ਚਾਰ-ਪੰਜ ਮਕਾਨ ਦੂਰ ਗੁਆਂਢੀ ਰਾਜਬੀਰ ਸਿੰਘ ਦੇ ਘਰ ਦੀ ਟੀਨ ਵਾਲੀ ਛੱਤ ਤੋਂ ਮਿਲੀ। ਬੱਚੇ ਦੇ ਸਰੀਰ ’ਤੇ ਸੱਟਾਂ ਅਤੇ ਖੁਰਚਣ ਦੇ ਨਿਸ਼ਾਨ ਵੀ ਦੱਸੇ ਗਏ ਸਨ।
ਕਮਰੇ ’ਚੋਂ ਕੰਬਲ, ਚਾਦਰ ਅਤੇ ਵਾਲ ਮਿਲੇ
ਐੱਸਐੱਸਪੀ ਵਰੁਣ ਸ਼ਰਮਾ ਮੁਤਾਬਕ, ਜਾਂਚ ਦੌਰਾਨ ਸੋਨਿਕਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਦੇ ਘਰ ਦੇ ਇੱਕ ਕਮਰੇ ਵਿੱਚੋਂ ਕੰਬਲ, ਚਾਦਰ ਅਤੇ ਬੱਚੇ ਦੇ ਵਾਲ ਮਿਲੇ ਹਨ। ਇਨ੍ਹਾਂ ਚੀਜ਼ਾਂ ਨੂੰ ਜਾਂਚ ਲਈ ਕਬਜ਼ੇ ਵਿੱਚ ਲਿਆ ਗਿਆ ਹੈ। ਔਰਤ ਦੇ ਨਹੁੰਆਂ ਸਮੇਤ ਹੋਰ ਜ਼ਰੂਰੀ ਨਮੂਨੇ ਵੀ ਇਕੱਠੇ ਕੀਤੇ ਗਏ ਹਨ ਅਤੇ ਡੀਐਨਏ ਜਾਂਚ ਲਈ ਸੈਂਪਲ ਲਏ ਗਏ ਹਨ। ਪੁਲਿਸ ਅਨੁਸਾਰ, ਮੁਲਜ਼ਮ ਆਪਣੇ ਪਤੀ ਨਾਲ ਇੱਕ ਕਮਰੇ ਵਿੱਚ ਰਹਿੰਦੀ ਸੀ, ਜਦਕਿ ਦੂਜਾ ਕਮਰਾ ਮਕਾਨ ਮਾਲਕ ਦਾ ਸੀ। ਮਕਾਨ ਮਾਲਕ ਦੀ ਪਤਨੀ ਦੀ ਮੌਤ ਤੋਂ ਬਾਅਦ ਇਸ ਕਮਰੇ ਨੂੰ ਤਾਲਾ ਲਗਾ ਦਿੱਤਾ ਗਿਆ ਸੀ ਅਤੇ ਇਸ ਦੀ ਚਾਬੀ ਸੋਨਿਕਾ ਕੋਲ ਸੀ। ਪੁਲਿਸ ਹੁਣ ਇਸ ਕਮਰੇ ਅਤੇ ਉੱਥੋਂ ਮਿਲੇ ਸਬੂਤਾਂ ਦੀ ਜਾਂਚ ਕਰ ਰਹੀ ਹੈ।
ਨਰਬਲੀ ਦੇ ਸ਼ੱਕ ਬਾਰੇ ਪੁਲਿਸ ਨੇ ਕੀ ਕਿਹਾ ?
ਮਾਮਲੇ ਵਿੱਚ ਨਰਬਲੀ ਦਿੱਤੇ ਜਾਣ ਦੇ ਸ਼ੱਕ ਸਬੰਧੀ ਵੀ ਸਵਾਲ ਉੱਠ ਰਹੇ ਹਨ, ਪਰ ਪੁਲਿਸ ਦਾ ਕਹਿਣਾ ਹੈ ਕਿ ਹੁਣ ਤੱਕ ਅਜਿਹਾ ਕੋਈ ਸਬੂਤ ਨਹੀਂ ਮਿਲਿਆ। ਪੁਲਿਸ ਇਸ ਨੂੰ ਕਤਲ ਦਾ ਮਾਮਲਾ ਮੰਨ ਕੇ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਮੁੱਢਲੀ ਜਾਂਚ ਵਿੱਚ ਮੁਲਜ਼ਮ ਦੇ ਪਤੀ ਦੀ ਭੂਮਿਕਾ ਸਾਹਮਣੇ ਨਹੀਂ ਆਈ ਹੈ। ਪੁਲਿਸ ਮੁਤਾਬਕ, ਘਟਨਾ ਸਮੇਂ ਉਹ ਡਿਊਟੀ ’ਤੇ ਸੀ। ਇਸ ਮਾਮਲੇ ਵਿੱਚ ਅਣਪਛਾਤੇ ਮੁਲਜ਼ਮ ਖ਼ਿਲਾਫ਼ ਪਹਿਲਾਂ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 140(1) ਅਤੇ 103(1) ਤਹਿਤ ਅਗਵਾ ਅਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਬੱਚੇ ਦਾ ਪੋਸਟਮਾਰਟਮ ਵੀ ਕਰਵਾਇਆ ਜਾ ਰਿਹਾ ਹੈ ਅਤੇ ਗ੍ਰਿਫ਼ਤਾਰ ਔਰਤ ਤੋਂ ਹੋਰ ਪੁੱਛਗਿੱਛ ਜਾਰੀ ਹੈ।





