Mohali News: 2 ਸਾਲਾ ਬੱਚੇ ਦੇ ਕਤਲ ਦੀ ਗੁੱਥੀ ਸੁਲਝੀ, 20 ਸਾਲਾ ਔਰਤ ਗ੍ਰਿਫ਼ਤਾਰ

Top Trending News ਪੰਜਾਬ

 

Mohali News: 2 ਸਾਲਾ ਬੱਚੇ ਦੇ ਕਤਲ ਦੀ ਗੁੱਥੀ ਸੁਲਝੀ, 20 ਸਾਲਾ ਔਰਤ ਗ੍ਰਿਫ਼ਤਾਰ

ਗਰਭਪਾਤ ਤੋਂ ਬਾਅਦ ਮਾਨਸਿਕ ਤਣਾਅ ’ਚ ਹੋਣ ਦਾ ਦਾਅਵਾ, ਬੱਚੇ ਦੀ ਲਾਸ਼ ਗੁਆਂਢੀ ਦੀ ਛੱਤ ਤੋਂ ਮਿਲੀ ਸੀ

ਲਾਲੜੂ (ਮੁਹਾਲੀ), 19 ਨਵੰਬਰ 2026: ਮੁਹਾਲੀ ਜ਼ਿਲ੍ਹੇ ਦੇ ਪਿੰਡ ਬੱਲੋਪੁਰ ਵਿੱਚ ਦੋ ਸਾਲਾ ਮਾਸੂਮ ਦੇ ਕਤਲ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਪੁਲਿਸ ਨੇ ਪਿੰਡ ਦੀ ਹੀ 20 ਸਾਲਾ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸੋਨਿਕਾ ਪਤਨੀ ਰੇਸ਼ਮ ਵਜੋਂ ਹੋਈ ਹੈ। ਪੁਲਿਸ ਮੁਤਾਬਕ ਮੁੱਢਲੀ ਪੁੱਛਗਿੱਛ ਦੌਰਾਨ ਉਸ ਨੇ ਬੱਚੇ ਨੂੰ ਅਗਵਾ ਕਰਕੇ ਕਤਲ ਕਰਨ ਦੀ ਗੱਲ ਕਬੂਲੀ ਹੈ।

ਐੱਸਐੱਸਪੀ ਵਰੁਣ ਸ਼ਰਮਾ ਅਨੁਸਾਰ, ਗੁਰਵਿੰਦਰ ਸਿੰਘ ਦਾ ਦੋ ਸਾਲਾ ਪੁੱਤਰ 14 ਨਵੰਬਰ ਨੂੰ ਘਰ ਦੇ ਬਾਹਰ ਖੇਡਦਿਆਂ ਲਾਪਤਾ ਹੋ ਗਿਆ ਸੀ। ਪਰਿਵਾਰ ਵੱਲੋਂ ਕਾਫ਼ੀ ਭਾਲ ਕਰਨ ਦੇ ਬਾਵਜੂਦ ਉਸ ਦਾ ਕੋਈ ਪਤਾ ਨਹੀਂ ਲੱਗਿਆ। ਅਗਲੀ ਸਵੇਰ 15 ਨਵੰਬਰ ਨੂੰ ਬੱਚੇ ਦੀ ਲਾਸ਼ ਗੁਆਂਢੀ ਦੇ ਮਕਾਨ ਦੀ ਛੱਤ ਤੋਂ ਬਰਾਮਦ ਹੋਈ। ਜਾਂਚ ਵਿੱਚ ਗਲਾ ਘੁੱਟ ਕੇ ਕਤਲ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਸੀ।

ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਪੁਲਿਸ ਟੀਮਾਂ ਬਣਾਈਆਂ ਗਈਆਂ, ਜਿਨ੍ਹਾਂ ਨੇ ਸੀਸੀਟੀਵੀ ਫੁਟੇਜ ਅਤੇ ਵਿਗਿਆਨਕ ਸਬੂਤਾਂ ਦੇ ਆਧਾਰ ’ਤੇ ਮੁਲਜ਼ਮ ਤੱਕ ਪਹੁੰਚ ਕੀਤੀ। ਪੁਲਿਸ ਅਨੁਸਾਰ ਕੁਝ ਦਿਨ ਪਹਿਲਾਂ ਗਰਭਪਾਤ ਹੋਣ ਕਾਰਨ ਸੋਨਿਕਾ ਮਾਨਸਿਕ ਤਣਾਅ ਵਿੱਚ ਸੀ। ਪੁਲਿਸ ਨੇ ਵਾਰਦਾਤ ਵਿੱਚ ਵਰਤੇ ਕੰਬਲ ਅਤੇ ਚਾਦਰ ਵੀ ਬਰਾਮਦ ਕੀਤੇ ਹਨ। ਮਾਮਲੇ ਦੇ ਹੋਰ ਪਹਿਲੂਆਂ ਦੀ ਜਾਂਚ ਜਾਰੀ ਹੈ ਅਤੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।