ਬੰਗਲਾਦੇਸ਼ ’ਚ ਹਿੰਸਾ ਭੜਕੀ: ਅਵਾਮੀ ਲੀਗ ਦੇ ਲੌਕਡਾਊਨ ਦੇ ਸੱਦੇ ਤੋਂ ਪਹਿਲਾਂ ਸੜਕਾਂ ’ਤੇ ਅੱਗਜ਼ਨੀ, ਢਾਕਾ-ਖੁਲਨਾ ਹਾਈਵੇਅ ਜਾਮ
ਬੰਗਲਾਦੇਸ਼, 19 ਨਵੰਬਰ 2026
ਬੰਗਲਾਦੇਸ਼ ਵਿੱਚ ਸਿਆਸੀ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਗੋਪਾਲਗੰਜ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਵੀ ਹਿੰਸਕ ਘਟਨਾਵਾਂ ਜਾਰੀ ਰਹੀਆਂ। ਅਵਾਮੀ ਲੀਗ ਵੱਲੋਂ 19 ਨਵੰਬਰ ਨੂੰ ਦੇਸ਼ ਭਰ ਵਿੱਚ ਲੌਕਡਾਊਨ ਦੇ ਸੱਦੇ ਤੋਂ ਪਹਿਲਾਂ ਕਈ ਥਾਵਾਂ ’ਤੇ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਜਾਮ ਕਰ ਦਿੱਤੀਆਂ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ।
ਜਾਣਕਾਰੀ ਅਨੁਸਾਰ, ਅਵਾਮੀ ਲੀਗ ਦੀ ਵਿਦਿਆਰਥੀ ਜਥੇਬੰਦੀ ਛਾਤਰ ਲੀਗ ਦੇ ਕਾਰਕੁਨਾਂ ਨੇ ਦਰੱਖਤ ਕੱਟ ਕੇ ਢਾਕਾ-ਖੁਲਨਾ ਹਾਈਵੇਅ ’ਤੇ ਸੁੱਟ ਦਿੱਤੇ। ਇਸ ਤੋਂ ਇਲਾਵਾ ਸੜਕਾਂ ’ਤੇ ਟਾਇਰ ਸਾੜ ਕੇ ਆਵਾਜਾਈ ਰੋਕ ਦਿੱਤੀ ਗਈ। ਦਿਨ ਸਮੇਂ ਕਈ ਥਾਵਾਂ ’ਤੇ ਲੱਕੜਾਂ ਨਾਲ ਰਸਤੇ ਬੰਦ ਕੀਤੇ ਗਏ, ਜਦਕਿ ਸ਼ਾਮ ਨੂੰ ਅਵਾਮੀ ਲੀਗ ਦੇ ਸਮਰਥਕਾਂ ਵੱਲੋਂ ਜਲੂਸ ਵੀ ਕੱਢੇ ਗਏ।
ਇਹ ਤਣਾਅ ਮੰਗਲਵਾਰ ਰਾਤ ਨੂੰ ਹੋਈਆਂ ਅੱਗਜ਼ਨੀ ਦੀਆਂ ਘਟਨਾਵਾਂ ਤੋਂ ਬਾਅਦ ਹੋਰ ਵਧਿਆ। ਰਿਪੋਰਟਾਂ ਮੁਤਾਬਕ ਤੁੰਗੀਪਾੜਾ ਵਿੱਚ ਇੱਕ ਪੁਲਿਸ ਥਾਣੇ, ਪੁਲਿਸ ਗੱਡੀ ਅਤੇ ਬੀਐਨਪੀ ਦੇ ਸੰਸਦ ਮੈਂਬਰ ਐੱਸ.ਐੱਮ. ਜਿਲਾਨੀ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ।
ਲੌਕਡਾਊਨ ਦੇ ਸੱਦੇ ਤੋਂ ਪਹਿਲਾਂ ਵਾਪਰੀਆਂ ਇਨ੍ਹਾਂ ਘਟਨਾਵਾਂ ਨੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ। ਪ੍ਰਸ਼ਾਸਨ ਲਈ ਸਥਿਤੀ ਨੂੰ ਕਾਬੂ ਹੇਠ ਰੱਖਣਾ ਵੱਡੀ ਚੁਣੌਤੀ ਬਣਿਆ ਹੋਇਆ ਹੈ।





