- ਰਿਆਦ ਦੇ ਫਾਈਨੈਂਸ਼ੀਅਲ ਸੈਂਟਰ ਟਾਵਰ ’ਤੇ ਹੂਤੀ ਲੜਾਕਿਆਂ ਦਾ ਹਮਲਾ, 2 ਭਾਰਤੀਆਂ ਸਮੇਤ 11 ਜ਼ਖ਼ਮੀ
- ਸਾਊਦੀ ਸਿਵਲ ਡਿਫੈਂਸ ਨੇ ਕੀਤੀ ਪੁਸ਼ਟੀ
- ਲਿਬਨਾਨ ਅਤੇ ਕਤਰ ਨੇ ਹਮਲੇ ਦੀ ਸਖ਼ਤ ਨਿੰਦਾ ਕੀਤੀ
ਨਵੀਂ ਦਿੱਲੀ: 25 ਨਵੰਬਰ (ਦੇਸ਼ ਕਲਿੱਕ ਬਿਊਰੋ): ਸਾਊਦੀ ਅਰਬ ਦੀ ਰਾਜਧਾਨੀ ਰਿਆਦ ਵਿੱਚ ਫਾਈਨੈਂਸ਼ੀਅਲ ਸੈਂਟਰ ਦੇ ਇੱਕ ਟਾਵਰ ਨੂੰ ਹੂਤੀ ਲੜਾਕਿਆਂ ਨੇ ਨਿਸ਼ਾਨਾ ਬਣਾਇਆ। ਮੰਗਲਵਾਰ ਨੂੰ ਹੋਏ ਇਸ ਹਮਲੇ ਵਿੱਚ ਦੋ ਭਾਰਤੀ ਨਾਗਰਿਕਾਂ ਸਮੇਤ 11 ਲੋਕ ਜ਼ਖ਼ਮੀ ਹੋ ਗਏ। ਸਾਊਦੀ ਸਿਵਲ ਡਿਫੈਂਸ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਜ਼ਖ਼ਮੀਆਂ ਦੀ ਨਾਗਰਿਕਤਾ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਅਧਿਕਾਰੀਆਂ ਮੁਤਾਬਕ, ਜ਼ਖ਼ਮੀਆਂ ਵਿੱਚ ਸਾਊਦੀ ਅਰਬ ਦੇ ਦੋ, ਭਾਰਤ ਦੇ ਦੋ, ਨੇਪਾਲ ਦੇ ਤਿੰਨ ਅਤੇ ਮਿਸਰ ਦੇ ਚਾਰ ਨਾਗਰਿਕ ਸ਼ਾਮਲ ਹਨ। ਘਟਨਾ ਤੋਂ ਤੁਰੰਤ ਬਾਅਦ ਸਬੰਧਤ ਸੁਰੱਖਿਆ ਅਤੇ ਬਚਾਅ ਏਜੰਸੀਆਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕੇ।
ਲਿਬਨਾਨ ਅਤੇ ਕਤਰ ਵੱਲੋਂ ਹਮਲੇ ਦੀ ਨਿੰਦਾ
ਹਮਲੇ ਤੋਂ ਬਾਅਦ ਲਿਬਨਾਨ ਅਤੇ ਕਤਰ ਨੇ ਇਸ ਦੀ ਸਖ਼ਤ ਨਿੰਦਾ ਕੀਤੀ ਹੈ। ਲਿਬਨਾਨ ਦੇ ਪ੍ਰਧਾਨ ਮੰਤਰੀ ਨਵਾਫ ਸਲਾਮ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਲਿਖਿਆ ਕਿ ਰਿਆਦ ਦੇ ਫਾਈਨੈਂਸ਼ੀਅਲ ਸੈਂਟਰ ਦੇ ਟਾਵਰ ’ਤੇ ਹੂਤੀ ਸਮੂਹ ਦਾ ਹਮਲਾ ਸਾਊਦੀ ਅਰਬ ਦੀ ਸੁਰੱਖਿਆ ਅਤੇ ਪ੍ਰਭੂਸੱਤਾ ’ਤੇ ਸਿੱਧਾ ਹਮਲਾ ਹੈ। ਉਨ੍ਹਾਂ ਇਸ ਨੂੰ ਖੇਤਰ ਦੀ ਸ਼ਾਂਤੀ ਅਤੇ ਸਥਿਰਤਾ ਲਈ ਗੰਭੀਰ ਖ਼ਤਰਾ ਕਰਾਰ ਦਿੱਤਾ। ਕਤਰ ਨੇ ਵੀ ਇਸ ਕਾਰਵਾਈ ਨੂੰ ਹਮਲਾਵਰ ਰਵੱਈਏ ਦੀ ਨਿੰਦਣਯੋਗ ਮਿਸਾਲ ਦੱਸਦਿਆਂ ਕਿਹਾ ਕਿ ਇਹ ਸਾਊਦੀ ਅਰਬ ਦੀ ਪ੍ਰਭੂਸੱਤਾ ਅਤੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਹੈ। ਕਤਰ ਦੇ ਵਿਦੇਸ਼ ਮੰਤਰਾਲੇ ਨੇ ਨਾਗਰਿਕ ਥਾਵਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ ਦਾ ਵਿਰੋਧ ਕਰਦਿਆਂ ਅਜਿਹੀਆਂ ਕਾਰਵਾਈਆਂ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਹੈ।





