ਖੇਤਾਂ ਦੇ ਧੂੰਏਂ ਕਾਰਨ ਵਾਪਰੇ ਹਾਦਸੇ ਨੇ ਉਜਾੜਿਆ ਪਰਿਵਾਰ, ਪਤੀ-ਪਤਨੀ ਦੀ ਮੌਤ

Top Trending News ਪੰਜਾਬ
  • ਖੇਤਾਂ ਦੇ ਧੂੰਏਂ ਕਾਰਨ ਵਾਪਰੇ ਹਾਦਸੇ ਨੇ ਉਜਾੜਿਆ ਪਰਿਵਾਰ, ਪਤੀ-ਪਤਨੀ ਦੀ ਮੌਤ
  • ਪਿੰਡ ਸ਼ਾਹਪੁਰ ਦੇ ਨਗਿੰਦਰ ਸਿੰਘ ਨੇ ਵੀ ਇਲਾਜ ਦੌਰਾਨ ਤੋੜਿਆ ਦਮ
  • ਇਸ ਤੋਂ ਪਹਿਲਾਂ ਪਤਨੀ ਮਨਜੀਤ ਕੌਰ ਦੀ ਹੋ ਗਈ ਸੀ ਮੌਤ

ਦੋਰਾਹਾ, 25 ਨਵੰਬਰ 2026 (ਦੇਸ਼ ਕਲਿੱਕ ਬਿਊਰੋ): ਦੋਰਾਹਾ ਦੇ ਨੇੜੇ ਜੈਪੁਰਾ ਵਿੱਚ ਖੇਤਾਂ ਵਿੱਚ ਲੱਗੀ ਅੱਗ ਦੇ ਧੂੰਏਂ ਕਾਰਨ ਵਾਪਰੇ ਸੜਕ ਹਾਦਸੇ ਵਿੱਚ ਪਤੀ-ਪਤਨੀ ਦੀ ਮੌਤ ਹੋ ਗਈ ਹੈ, ਜਦੋਂ ਕਿ ਦੋ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਹਾਦਸੇ ਦੌਰਾਨ ਸ਼ਾਹਪੁਰ ਵਾਸੀ ਮਨਜੀਤ ਕੌਰ (55) ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ, ਜਦੋਂ ਕਿ ਉਸ ਦੇ ਪਤੀ ਨਗਿੰਦਰ ਸਿੰਘ ਨੇ ਵੀ ਅੱਜ ਲੁਧਿਆਣਾ ਦੇ ਡੀ ਐੱਮ ਸੀ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ।

ਹਾਦਸੇ ਵਿੱਚ ਝੁਲਸਣ ਕਾਰਨ ਗੰਭੀਰ ਜ਼ਖ਼ਮੀ ਹੋਏ ਨਗਿੰਦਰ ਸਿੰਘ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਵੀ ਇਸੇ ਘਟਨਾ ਵਿੱਚ ਜਾਨ ਗੁਆ ਚੁੱਕੀ ਸੀ। ਪਤੀ-ਪਤਨੀ ਦੋਵਾਂ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਸ਼ਾਹਪੁਰ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਪੁਲਿਸ ਨੇ ਕਾਰ ਚਾਲਕ ਹਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਖੇਤ ਵਿੱਚ ਪਰਾਲੀ ਸਾੜਨ ਵਾਲੇ ਕਿਸਾਨ ਗੁਰਦੀਪ ਸਿੰਘ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਡੀ ਐੱਸ ਪੀ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਜਾਂਚ ਦੇ ਆਧਾਰ ’ਤੇ ਮੁਲਜ਼ਮ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਜਾਣਕਾਰੀ ਅਨੁਸਾਰ, ਲਿੰਕ ਸੜਕ ਨਾਲ ਪੈਂਦੇ ਪਿੰਡ ਜੈਪੁਰਾ ਦੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਈ ਹੋਈ ਸੀ। ਇਸ ਦਾ ਸੰਘਣਾ ਧੂੰਆਂ ਸੜਕ ’ਤੇ ਫੈਲਣ ਕਾਰਨ ਵਾਹਨ ਚਾਲਕਾਂ ਨੂੰ ਰਸਤਾ ਦਿਖਾਈ ਦੇਣਾ ਬੰਦ ਹੋ ਗਿਆ। ਇਸ ਦੌਰਾਨ ਦੋ ਮੋਟਰਸਾਈਕਲਾਂ ਅਤੇ ਕਾਰ ਵਿਚਕਾਰ ਟੱਕਰ ਹੋ ਗਈ। ਟੱਕਰ ਉਪਰੰਤ ਦੋਵੇਂ ਮੋਟਰਸਾਈਕਲ ਬਲਦੇ ਹੋਏ ਖੇਤਾਂ ਵਿੱਚ ਜਾ ਡਿੱਗੇ ਸਨ।