BREAKING- ਚੀਨ ਤੋਂ ਬੰਗਲਾਦੇਸ਼ ਜਾ ਰਿਹਾ 405 ਟਨ ਵਿਸਫੋਟਕ ਸਮੱਗਰੀ ਨਾਲ ਭਰਿਆ ਜਹਾਜ਼ ਇੰਡੋਨੇਸ਼ੀਆ ਨੇ ਫੜਿਆ

Top Trending News ਕੌਮਾਂਤਰੀ

 

BREAKING- ਚੀਨ ਤੋਂ ਬੰਗਲਾਦੇਸ਼ ਜਾ ਰਿਹਾ 405 ਟਨ ਵਿਸਫੋਟਕ ਸਮੱਗਰੀ ਨਾਲ ਭਰਿਆ ਜਹਾਜ਼ ਇੰਡੋਨੇਸ਼ੀਆ ਨੇ ਫੜਿਆ

25 ਨਵੰਬਰ 2026: ਇੰਡੋਨੇਸ਼ੀਆ ਦੀ ਜਲ ਸੈਨਾ ਨੇ ਚੀਨ ਤੋਂ ਬੰਗਲਾਦੇਸ਼ ਜਾ ਰਹੇ ਇੱਕ ਮਾਲਵਾਹਕ ਜਹਾਜ਼ ਨੂੰ 405 ਟਨ ਵਿਸਫੋਟਕ ਰਸਾਇਣਕ ਸਮੱਗਰੀ ਸਮੇਤ ਕਾਬੂ ਕੀਤਾ ਹੈ। ਇਸ ਜਹਾਜ਼ ਵਿੱਚ ਮੌਜੂਦ ਸੋਡੀਅਮ ਪਰਕਲੋਰੇਟ ਦੀ ਵਰਤੋਂ ਰਾਕੇਟ ਅਤੇ ਮਿਜ਼ਾਈਲਾਂ ਲਈ ਪ੍ਰੋਪੇਲੈਂਟ ਤਿਆਰ ਕਰਨ ਵਾਸਤੇ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇੰਨੀ ਮਾਤਰਾ ਵਿੱਚ ਇਸ ਰਸਾਇਣ ਨਾਲ ਲਗਭਗ 100 ਮਿਜ਼ਾਈਲਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ।

ਜਾਣਕਾਰੀ ਅਨੁਸਾਰ, ਕੋਮੋਰੋਸ ਦੇ ਝੰਡੇ ਹੇਠ ਚੱਲਣ ਵਾਲੇ ਮਾਲਵਾਹਕ ਜਹਾਜ਼ ‘ਐੱਮਵੀ ਸਟਾਰਲਾਈਨ’ ਨੂੰ ਇੰਡੋਨੇਸ਼ੀਆਈ ਜਲ ਸੈਨਾ ਨੇ 7 ਨਵੰਬਰ ਨੂੰ ਉੱਤਰੀ ਸੁਮਾਤਰਾ ਦੇ ਬੇਲਾਵਨ ਇਲਾਕੇ ਨੇੜੇ ਰੋਕਿਆ ਸੀ। ਇਹ ਜਹਾਜ਼ ਚੀਨ ਦੇ ਲਿਆਨਯੁਨਗਾਂਗ ਬੰਦਰਗਾਹ ਤੋਂ ਰਵਾਨਾ ਹੋਇਆ ਸੀ ਅਤੇ ਇਸ ਨੇ ਬੰਗਲਾਦੇਸ਼ ਦੀ ਮੋਂਗਲਾ ਬੰਦਰਗਾਹ ਪਹੁੰਚਣਾ ਸੀ।

ਇੰਡੋਨੇਸ਼ੀਆਈ ਜਲ ਸੈਨਾ ਮੁਤਾਬਕ ਜਹਾਜ਼ ਦੇ ਦਸਤਾਵੇਜ਼ਾਂ ਵਿੱਚ ਕਈ ਬੇਨਿਯਮੀਆਂ ਸਾਹਮਣੇ ਆਈਆਂ ਹਨ। ਖ਼ਾਸ ਤੌਰ ’ਤੇ ਸਮੱਗਰੀ ਦੇ ਦਰਾਮਦਕਾਰ ਅਤੇ ਅੰਤਿਮ ਵਰਤੋਂਕਾਰ ਦੀ ਪਛਾਣ ਸਪੱਸ਼ਟ ਨਹੀਂ ਸੀ।

ਸੂਤਰਾਂ ਤੋਂ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਇਸ ਕਾਰਵਾਈ ਨੇ ਸਮੁੰਦਰੀ ਰਸਤਿਆਂ ਰਾਹੀਂ ਸੰਵੇਦਨਸ਼ੀਲ ਰਸਾਇਣਾਂ ਦੀ ਢੋਆ-ਢੁਆਈ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ।