- ਦਿਲਜੀਤ ਦੋਸਾਂਝ ਦੇ ਬੈਂਗਲੁਰੂ ਕੰਸਰਟ ਤੋਂ ਪਹਿਲਾਂ ਬੰਬ ਧਮਾਕੇ ਦੀ ਧਮਕੀ
- 29 ਨਵੰਬਰ ਨੂੰ ਮਡਾਵਰਾ ’ਚ ਹੋਣ ਵਾਲੇ ਸ਼ੋਅ ਨੂੰ ਨਿਸ਼ਾਨਾ ਬਣਾਉਣ ਦੀ ਚੇਤਾਵਨੀ
- ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ
ਚੰਡੀਗੜ੍ਹ, 24 ਨਵੰਬਰ (ਦੇਸ਼ ਕਲਿੱਕ ਬਿਊਰੋ): ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਬੈਂਗਲੁਰੂ ਵਿੱਚ ਹੋਣ ਵਾਲੇ ਕੰਸਰਟ ਤੋਂ ਪਹਿਲਾਂ ਬੰਬ ਧਮਾਕੇ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਕਰਨਾਟਕ ਦੇ ਧਾਰਵਾੜ ਪੁਲਿਸ ਕਮਿਸ਼ਨਰ ਨੂੰ ਭੇਜੇ ਗਏ ਇੱਕ ਈਮੇਲ ਵਿੱਚ ਆਈਈਡੀ ਧਮਾਕੇ ਦੀ ਚੇਤਾਵਨੀ ਦਿੱਤੀ ਗਈ ਹੈ। ਈਮੇਲ ਵਿੱਚ ‘ਖਾਲਿਸਤਾਨ ਜ਼ਿੰਦਾਬਾਦ’ ਦਾ ਨਾਅਰਾ ਵੀ ਲਿਖਿਆ ਗਿਆ ਹੈ।
ਧਮਕੀ ਵਿੱਚ ਕਿਹਾ ਗਿਆ ਹੈ ਕਿ 29 ਨਵੰਬਰ ਨੂੰ ਬੈਂਗਲੁਰੂ ਦੇ ਨਾਇਸ ਰੋਡ ਗਰਾਊਂਡ, ਮਡਾਵਰਾ ਵਿਖੇ ਹੋਣ ਵਾਲੇ ਕੰਸਰਟ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਰਿਪੋਰਟਾਂ ਮੁਤਾਬਕ ਈਮੇਲ ਭੇਜਣ ਵਾਲੇ ਨੇ ਕੰਸਰਟ ਵਿੱਚ ਆਉਣ ਵਾਲੇ ਲੋਕਾਂ ਨੂੰ ਵੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੂੰ ਬੱਚਿਆਂ ਨੂੰ ਨਾਲ ਨਾ ਲਿਆਉਣ, ਆਈਫੋਨ ਦਾ ਜਵਾਬ ਨਾ ਦੇਣ ਅਤੇ ਮੈਟਰੋ ਰਾਹੀਂ ਸਫ਼ਰ ਨਾ ਕਰਨ ਲਈ ਕਿਹਾ ਗਿਆ ਹੈ।
ਧਮਕੀ ਮਿਲਣ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਈਮੇਲ ਦੀ ਸੱਚਾਈ ਅਤੇ ਇਸ ਨੂੰ ਭੇਜਣ ਵਾਲੇ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ। ਫਿਲਹਾਲ ਕੰਸਰਟ ਰੱਦ ਹੋਣ ਜਾਂ ਇਸ ਦੀ ਤਾਰੀਖ਼ ਬਦਲਣ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।





