- ਮਠਿਆਈ ਦੀ ਦੁਕਾਨ ਦੇ ਮਾਲਕ ’ਤੇ 12 ਸਾਲਾ ਬੱਚੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼
ਬਠਿੰਡਾ 24 ਨਵੰਬਰ (ਦੇਸ਼ ਕਲਿੱਕ ਬਿਊਰੋ): ਬਠਿੰਡਾ ਵਿੱਚ ਇੱਕ ਮਠਿਆਈ ਦੀ ਦੁਕਾਨ ਦੇ ਮਾਲਕ ’ਤੇ ਆਪਣੀ ਮਹਿਲਾ ਮੁਲਾਜ਼ਮ ਦੀ 12 ਸਾਲਾ ਧੀ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਮੁਲਜ਼ਮ ਕਥਿਤ ਤੌਰ ’ਤੇ ਬੱਚੀ ਨੂੰ ਟਿਊਸ਼ਨ ਤੋਂ ਉਸ ਦੀ ਮਾਂ ਦੇ ਫਲੈਟ ’ਤੇ ਛੱਡਣ ਦੇ ਬਹਾਨੇ ਆਪਣੇ ਨਾਲ ਲੈ ਜਾਂਦਾ ਸੀ। ਬੱਚੀ ਵੱਲੋਂ ਟਿਊਸ਼ਨ ਅਧਿਆਪਕਾ ਨੂੰ ਦੱਸਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ। ਜਾਣਕਾਰੀ ਅਨੁਸਾਰ, ਬੱਚੀ ਦੀ ਮਾਂ ਲੰਬੇ ਸਮੇਂ ਤੋਂ ਮਠਿਆਈ ਦੀ ਦੁਕਾਨ ’ਤੇ ਕੰਮ ਕਰ ਰਹੀ ਹੈ। ਉਸ ਦੀ ਧੀ ਇੱਕ ਨਿੱਜੀ ਸਕੂਲ ਦੀ ਅਧਿਆਪਕਾ ਕੋਲ ਟਿਊਸ਼ਨ ਪੜ੍ਹਦੀ ਸੀ। ਦੁਕਾਨ ਦਾ ਮਾਲਕ ਰਾਜਿੰਦਰ ਸੋਨੀ ਅਕਸਰ ਬੱਚੀ ਨੂੰ ਟਿਊਸ਼ਨ ਤੋਂ ਉਸ ਦੇ ਫਲੈਟ ਤੱਕ ਛੱਡਣ ਜਾਂਦਾ ਸੀ। ਇਸ ਦੌਰਾਨ ਉਹ ਕਾਫ਼ੀ ਦੇਰ ਬਾਅਦ ਦੁਕਾਨ ’ਤੇ ਵਾਪਸ ਆਉਂਦਾ ਸੀ।
ਟਿਊਸ਼ਨ ਅਧਿਆਪਕਾ ਅਤੇ ਪ੍ਰਿੰਸੀਪਲ ਦੀ ਮਦਦ ਨਾਲ ਖੁੱਲ੍ਹਿਆ ਮਾਮਲਾ
ਦੱਸਿਆ ਜਾ ਰਿਹਾ ਹੈ ਕਿ ਬੱਚੀ ਨੇ ਹਿੰਮਤ ਕਰਕੇ ਟਿਊਸ਼ਨ ਅਧਿਆਪਕਾ ਨੂੰ ਦੁਕਾਨ ਮਾਲਕ ਦੀਆਂ ਕਥਿਤ ਹਰਕਤਾਂ ਬਾਰੇ ਜਾਣਕਾਰੀ ਦਿੱਤੀ। ਅਧਿਆਪਕਾ ਨੇ ਇਸ ਬਾਰੇ ਸਕੂਲ ਦੀ ਪ੍ਰਿੰਸੀਪਲ ਨੂੰ ਦੱਸਿਆ। ਪ੍ਰਿੰਸੀਪਲ ਨੇ ਬੱਚੀ ਦੀ ਮਾਂ ਨੂੰ ਬੁਲਾ ਕੇ ਸਾਰੀ ਗੱਲ ਸਾਂਝੀ ਕੀਤੀ, ਜਿਸ ਤੋਂ ਬਾਅਦ ਪਰਿਵਾਰ ਨੇ ਮੁਲਜ਼ਮ ਨੂੰ ਫੜਨ ਦੀ ਯੋਜਨਾ ਬਣਾਈ।
ਫਲੈਟ ’ਚ ਲਗਾਇਆ ਗੁਪਤ ਕੈਮਰਾ
ਬੱਚੀ ਦੀ ਮਾਂ ਨੇ ਆਪਣੇ ਭਰਾ ਨਾਲ ਮਿਲ ਕੇ ਫਲੈਟ ਦੇ ਬੈੱਡਰੂਮ ਵਿੱਚ ਗੁਪਤ ਕੈਮਰਾ ਲਗਵਾਇਆ। 23 ਨਵੰਬਰ ਨੂੰ ਰਾਜਿੰਦਰ ਸੋਨੀ ਕਥਿਤ ਤੌਰ ’ਤੇ ਬੱਚੀ ਨੂੰ ਘਰ ਛੱਡਣ ਪਹੁੰਚਿਆ ਅਤੇ ਉਸ ਨਾਲ ਗਲਤ ਹਰਕਤ ਕਰਨ ਲੱਗਾ। ਇਸ ਦੌਰਾਨ ਘਟਨਾ ਕੈਮਰੇ ਵਿੱਚ ਰਿਕਾਰਡ ਹੋ ਗਈ। ਬੱਚੀ ਦੀ ਮਾਂ ਅਤੇ ਮਾਮੇ ਨੇ ਮੌਕੇ ’ਤੇ ਪਹੁੰਚ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਜੁਲਾਈ 2026 ਤੋਂ ਸ਼ੋਸ਼ਣ ਕਰਨ ਦੇ ਦੋਸ਼
ਪੁਲਿਸ ਵੱਲੋਂ ਦਰਜ ਐੱਫਆਈਆਰ ਅਨੁਸਾਰ, ਮੁਲਜ਼ਮ ’ਤੇ ਜੁਲਾਈ 2026 ਤੋਂ ਬੱਚੀ ਦਾ ਲਗਾਤਾਰ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹਨ। ਥਾਣਾ ਕੈਨਾਲ ਕਾਲੋਨੀ ਦੇ ਐੱਸਐੱਚਓ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਰਾਜਿੰਦਰ ਸੋਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਖ਼ਿਲਾਫ਼ ਪੋਕਸੋ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਕੈਮਰੇ ਦੀ ਫੁਟੇਜ ਨੂੰ ਸਬੂਤ ਵਜੋਂ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।





