ਮਾਨਸਾ: ਆਖ਼ਰੀ ਦਿਨ ਕੁੱਲ 125 ਉਮੀਦਵਾਰਾਂ ਨੇ ਦਾਖਲ ਕਰਵਾਏ ਨਾਮਜ਼ਦਗੀ ਪੇਪਰ-ਜ਼ਿਲਾ ਚੋਣਕਾਰ ਅਫ਼ਸਰ

ਪੰਜਾਬ

*21 ਦਸੰਬਰ ਨੂੰ ਪਾਈਆਂ ਜਾਣਗੀਆਂ ਵੋਟਾਂ

ਮਾਨਸਾ, 12 ਦਸੰਬਰ : ਦੇਸ਼ ਕਲਿੱਕ ਬਿਓਰੋ
ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਅੰਦਰ 21 ਦਸੰਬਰ 2024 ਨੂੰ ਨਗਰ ਪੰਚਾਇਤ ਭੀਖੀ ਦੇ 13 ਵਾਰਡਾਂ ਅਤੇ ਨਗਰ ਪੰਚਾਇਤ ਸਰਦੂਲਗੜ੍ਹ ਦੇ 15 ਵਾਰਡਾਂ ਦੀਆਂ ਹੋਣ ਵਾਲੀਆਂ ਚੋਣਾਂ ਲਈ ਅੱਜ ਨਾਮਜ਼ਦਗੀਆਂ ਦਾਖਲਾ ਕਰਨ ਦੇ ਆਖਿਰੀ ਦਿਨ ਕੁੱਲ 125  ਉਮੀਦਵਾਰਾਂ ਨੇ ਆਪਣੇ-ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ। ਇਸ ਤੋਂ ਪਹਿਲਾਂ ਕੁੱਲ 12 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਿੱਤੇ ਸਨ। ਇਸ ਤਰ੍ਹਾਂ ਹੁਣ ਇਨ੍ਹਾਂ ਚੋਣਾਂ ਲਈ ਕੁੱਲ 137 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜਾ ਚੁੱਕੇ ਹਨ।
ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀ ਆਕਾਸ਼ ਬਾਂਸਲ ਨੇ ਦੱਸਿਆ ਕਿ ਭੀਖੀ ਵਿਖੇ ਅੱਜ 40 ਉਮੀਦਵਾਰਾਂ ਵੱਲੋਂ ਨਾਮਜਦਗੀਆਂ ਦਾਖਲ ਕਰਵਾਈਆਂ ਗਈਆਂ ਹਨ। ਜਦਕਿ ਲੰਘੇ ਦਿਨ 11 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਸਨ। ਇਸ ਤਰ੍ਹਾਂ ਹੁਣ ਭੀਖੀ ਨਗਰ ਪੰਚਾਇਤ ਲਈ ਕੁੱਲ 51 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਪ੍ਰਾਪਤ ਹੋ ਚੁੱਕੀਆਂ ਹਨ।
ਉਨ੍ਹਾਂ ਦੱਸਿਆ ਕਿ ਸਰਦੂਲਗੜ੍ਹ ਨਗਰ ਪੰਚਾਇਤ ਵਿਖੇ ਅੱਜ 85 ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖਲ ਕਰਵਾਈਆਂ ਗਈਆਂ ਹਨ ਅਤੇ ਲੰਘੇ ਦਿਨ 1 ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਸਨ। ਇਸ ਤਰ੍ਹਾਂ ਸਰਦੂਲਗੜ੍ਹ ਵਿਖੇ ਕੁੱਲ 86 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਵੱਲੋਂ ਦਾਖਲ ਕਰਵਾਏ ਗਏ ਨਾਮਜ਼ਦਗੀ ਪੱਤਰਾਂ ਦੀ 13 ਦਸੰਬਰ ਨੂੰ ਪੜਤਾਲ ਕੀਤੀ ਜਾਵੇਗੀ ਅਤੇ 14 ਦਸੰਬਰ ਨੂੰ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। 21 ਦਸਬੰਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਵੋਟਾਂ ਪਾਈਆਂ ਜਾ ਸਕਣਗੀਆਂ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।