ਨਵੀਂ ਦਿੱਲੀ,14 ਮਈ 2026- ਆਉਣ ਵਾਲੀ 20 ਮਈ ਨੂੰ ਦੇਸ਼ ਭਰ ਵਿੱਚ ਦਵਾਈਆਂ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਿਪੋਰਟਾਂ ਮੁਤਾਬਕ, ਦੇਸ਼ ਭਰ ਦੇ ਲਗਭਗ 12.4 ਲੱਖ ਕੈਮਿਸਟਾਂ ਨੇ ਇੱਕ ਦਿਨ ਦੀ ਹੜਤਾਲ ਦਾ ਐਲਾਨ ਕੀਤਾ ਹੈ। ਇਸ ਹੜਤਾਲ ਕਾਰਨ ਆਮ ਲੋਕਾਂ ਨੂੰ ਦਵਾਈਆਂ ਖਰੀਦਣ ਵਿੱਚ ਭਾਰੀ ਦਿੱਕਤ ਆ ਸਕਦੀ ਹੈ। ਇਹ ਫੈਸਲਾ ਆਨਲਾਈਨ ਦਵਾਈਆਂ ਵੇਚਣ ਵਾਲੀਆਂ ‘ਈ-ਫਾਰਮੇਸੀ’ ਕੰਪਨੀਆਂ ਦੇ ਵਿਰੋਧ ਵਿੱਚ ਲਿਆ ਗਿਆ ਹੈ।
‘ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ ਕੈਮਿਸਟਸ ਐਂਡ ਡਰੱਗਿਸਟਸ’ (AIOCD) ਦਾ ਕਹਿਣਾ ਹੈ ਕਿ ਆਨਲਾਈਨ ਪਲੇਟਫਾਰਮਾਂ ‘ਤੇ ਬਿਨਾਂ ਕਿਸੇ ਸਹੀ ਜਾਂਚ-ਪੜਤਾਲ ਦੇ ਦਵਾਈਆਂ ਵੇਚੀਆਂ ਜਾ ਰਹੀਆਂ ਹਨ। ਸੰਗਠਨ ਅਨੁਸਾਰ, ਇਹ ਪ੍ਰਕਿਰਿਆ ਮਰੀਜ਼ਾਂ ਦੀ ਸੁਰੱਖਿਆ ਲਈ ਇੱਕ ਵੱਡਾ ਖਤਰਾ ਬਣ ਸਕਦੀ ਹੈ ਅਤੇ ਨਿਯਮਾਂ ਦੀ ਸ਼ਰੇਆਮ ਉਲੰਘਣਾ ਹੈ।
ਆਨਲਾਈਨ ਦਵਾਈਆਂ ਨਾਲ ਵਧ ਰਿਹਾ ਖਤਰਾ
ਕੈਮਿਸਟ ਜਥੇਬੰਦੀਆਂ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਹੈ ਕਿ, ਕਈ ਈ-ਫਾਰਮੇਸੀ ਵੈੱਬਸਾਈਟਾਂ ਡਾਕਟਰ ਦੀ ਸਹੀ ਸਲਾਹ ਜਾਂ ਜਾਂਚ ਤੋਂ ਬਿਨਾਂ ਹੀ ਦਵਾਈਆਂ ਮੁਹੱਈਆ ਕਰਵਾ ਰਹੀਆਂ ਹਨ। ਹੁਣ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਤਕਨੀਕ ਰਾਹੀਂ ਨਕਲੀ ਪਰਚੀਆਂ ਬਣਾ ਕੇ ਦਵਾਈਆਂ ਮੰਗਵਾਈਆਂ ਜਾ ਰਹੀਆਂ ਹਨ। ਕਈ ਵਾਰ ਪੁਰਾਣੀਆਂ ਪਰਚੀਆਂ ਦੀ ਵਾਰ-ਵਾਰ ਵਰਤੋਂ ਕੀਤੀ ਜਾਂਦੀ ਹੈ। ਆਨਲਾਈਨ ਸਿਸਟਮ ਕਾਰਨ ਐਂਟੀਬਾਇਓਟਿਕਸ ਦੀ ਗਲਤ ਵਰਤੋਂ ਅਤੇ ਨਸ਼ੇ ਵਾਲੀਆਂ ਦਵਾਈਆਂ ਦੀ ਦੁਰਵਰਤੋਂ ਤੇਜ਼ੀ ਨਾਲ ਵਧ ਸਕਦੀ ਹੈ, ਜੋ ਭਵਿੱਖ ਵਿੱਚ ਜਨਤਕ ਸਿਹਤ ਲਈ ਘਾਤਕ ਸਿੱਧ ਹੋਵੇਗੀ।
ਕੈਮਿਸਟਾਂ ਦੀ ਇਸ ਹੜਤਾਲ ਕਾਰਨ ਮਾਹਿਰਾਂ ਨੇ ਮਰੀਜ਼ਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀਆਂ ਜ਼ਰੂਰੀ ਦਵਾਈਆਂ ਦਾ ਸਟਾਕ ਪਹਿਲਾਂ ਹੀ ਕਰ ਕੇ ਰੱਖਣ ਤਾਂ ਜੋ 20 ਮਈ ਨੂੰ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਸਥਿਤੀ ਤੋਂ ਬਚਿਆ ਜਾ ਸਕੇ।



