ਵੱਡੀ ਖ਼ਬਰ: ਪੰਜਾਬ ‘ਚ ਟੁੱਟੀ ਇੱਕ ਹੋਰ ਨਹਿਰ, ਪਿਆ 40 ਫੁੱਟ ਦਾ ਪਾੜ; ਖੇਤਾਂ ‘ਚ ਵੜਿਆ ਪਾਣੀ, ਘਰਾਂ ਨੂੰ ਵੀ ਖ਼ਤਰਾ!
ਤੇਜ਼ ਬਹਾਅ ਕਾਰਨ ਮਿੱਟੀ ਦੇ ਢੇਰ ਅਤੇ ਬੋਰੀਆਂ ਵਹੀਆਂ; ਪ੍ਰਸ਼ਾਸਨ ਖ਼ਿਲਾਫ਼ ਲੋਕਾਂ ਅਤੇ ਕਿਸਾਨਾਂ ਵਿੱਚ ਭਾਰੀ ਰੋਸ਼
ਬਠਿੰਡਾ, 22 ਜੂਨ 2026-
ਬਠਿੰਡਾ-ਮਾਨਸਾ ਰੋਡ ‘ਤੇ ਸਥਿਤ ਆਈ.ਟੀ.ਆਈ. (ITI) ਦੇ ਨੇੜੇ ਇੱਕ ਸਿੰਚਾਈ ਨਹਿਰ ਦਾ ਕਿਨਾਰਾ ਟੁੱਟਣ ਕਾਰਨ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ, ਨਹਿਰ ਦਾ ਕਿਨਾਰਾ ਟੁੱਟਣ ਕਾਰਨ ਉਸ ਵਿੱਚ ਇੱਕ ਵੱਡੀ ਦਰਾਰ ਆ ਗਈ ਹੈ, ਜਿਸ ਨਾਲ ਨਹਿਰ ਦੇ ਬੰਨ੍ਹ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਦਰਾਰ ਆਉਣ ਤੋਂ ਬਾਅਦ ਪਾਣੀ ਬਹੁਤ ਤੇਜ਼ ਰਫ਼ਤਾਰ ਨਾਲ ਬਾਹਰ ਵੱਲ ਵਹਿ ਰਿਹਾ ਹੈ, ਜਿਸ ਕਾਰਨ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਪਾਣੀ ਭਰਨ ਅਤੇ ਵੱਡੇ ਨੁਕਸਾਨ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਮੌਕੇ ‘ਤੇ ਮੌਜੂਦ ਸਥਾਨਕ ਲੋਕਾਂ ਅਨੁਸਾਰ ਪਾਣੀ ਦਾ ਬਹਾਅ ਇੰਨਾ ਜ਼ਿਆਦਾ ਤੇਜ਼ ਹੈ ਕਿ ਨਹਿਰ ਦੇ ਕਿਨਾਰਿਆਂ ‘ਤੇ ਲਗਾਏ ਗਏ ਮਿੱਟੀ ਦੇ ਢੇਰ ਅਤੇ ਬੋਰੀਆਂ ਵੀ ਤਾਸ ਦੇ ਪੱਤਿਆਂ ਵਾਂਗ ਵਹਿ ਗਈਆਂ ਹਨ। ਇਸ ਦੇ ਨਾਲ ਹੀ ਲੋਕਾਂ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਨਹਿਰ ਦੇ ਕਿਨਾਰਿਆਂ ‘ਤੇ ਕਈ ਹੋਰ ਥਾਵਾਂ ‘ਤੇ ਵੀ ਤਰੇੜਾਂ (ਦਰਾਰਾਂ) ਆ ਰਹੀਆਂ ਹਨ, ਜਿਸ ਕਾਰਨ ਲੋਕਾਂ ਵਿੱਚ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮਾਂ ਰਹਿੰਦਿਆਂ ਨਹਿਰ ਦੇ ਕਿਨਾਰਿਆਂ ਨੂੰ ਮਜ਼ਬੂਤ ਕੀਤਾ ਜਾਂਦਾ, ਤਾਂ ਅੱਜ ਇਹ ਨੌਬਤ ਨਾ ਆਉਂਦੀ।
ਨਹਿਰ ਟੁੱਟਣ ਕਾਰਨ ਸਭ ਤੋਂ ਵੱਡੀ ਮਾਰ ਕਿਸਾਨਾਂ ‘ਤੇ ਪੈਣ ਦਾ ਖਦਸ਼ਾ ਹੈ। ਨਹਿਰ ਦਾ ਪਾਣੀ ਤੇਜ਼ੀ ਨਾਲ ਖੇਤਾਂ ਵੱਲ ਵਧ ਰਿਹਾ ਹੈ ਅਤੇ ਕਈ ਖੇਤਾਂ ਵਿੱਚ ਵੜ ਚੁੱਕਾ ਹੈ, ਜਿਸ ਕਾਰਨ ਖੜ੍ਹੀ ਫ਼ਸਲ ਪੂਰੀ ਤਰ੍ਹਾਂ ਖ਼ਰਾਬ ਹੋਣ ਦੀ ਕੰਢੇ ਹੈ।
ਖੇਤਾਂ ਤੋਂ ਇਲਾਵਾ ਹੁਣ ਆਮ ਲੋਕਾਂ ਵਿੱਚ ਵੀ ਇਹ ਚਿੰਤਾ ਅਤੇ ਡਰ ਬਣਿਆ ਹੋਇਆ ਹੈ ਕਿ ਜੇਕਰ ਬਹਾਅ ਨੂੰ ਤੁਰੰਤ ਨਾ ਰੋਕਿਆ ਗਿਆ, ਤਾਂ ਇਹ ਪਾਣੀ ਉਨ੍ਹਾਂ ਦੇ ਘਰਾਂ ਤੱਕ ਪਹੁੰਚ ਜਾਵੇਗਾ।
ਕਿਸਾਨਾਂ ਅਤੇ ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਸਮਾਂ ਰਹਿੰਦਿਆਂ ਸਥਿਤੀ ‘ਤੇ ਕਾਬੂ ਨਾ ਪਾਇਆ ਅਤੇ ਦਰਾਰ ਨੂੰ ਤੁਰੰਤ ਬੰਦ ਨਾ ਕੀਤਾ, ਤਾਂ ਆਉਣ ਵਾਲੇ ਕੁਝ ਹੀ ਘੰਟਿਆਂ ਵਿੱਚ ਇੱਥੇ ਭਾਰੀ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ। ਲੋਕਾਂ ਨੇ ਸਿੰਚਾਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਤੁਰੰਤ ਮੌਕੇ ‘ਤੇ ਪਹੁੰਚ ਕੇ ਬੰਨ੍ਹ ਨੂੰ ਬੰਨ੍ਹਣ ਦੀ ਮੰਗ ਕੀਤੀ ਹੈ।



