Education Department: ਸਰਕਾਰੀ ਸਕੂਲਾਂ ‘ਚ 11ਵੀਂ ਦੇ ਦਾਖ਼ਲੇ ਲਈ ਵੈੱਬਸਾਈਟ ਰਹੀ ਫ਼ੇਲ੍ਹ; ਸਿੱਖਿਆ ਵਿਭਾਗ ਨੇ ਦਾਖਲੇ ਲਈ ਸਮਾਂ ਵਧਾਇਆ
ਚੰਡੀਗੜ੍ਹ 27 ਜੂਨ, 2026-
Education Department! ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ 11ਵੀਂ ਜਮਾਤ ਵਿੱਚ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਉਸ ਵੇਲੇ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦੋਂ ਸ਼ੁੱਕਰਵਾਰ ਨੂੰ ਪੂਰਾ ਦਿਨ ਸਿੱਖਿਆ ਵਿਭਾਗ ਦੀ ਵੈੱਬਸਾਈਟ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਸਕੀ। ਇਸ ਤਕਨੀਕੀ ਖ਼ਰਾਬੀ ਕਾਰਨ ਸੈਂਕੜੇ ਵਿਦਿਆਰਥੀ ਆਨਲਾਈਨ ਅਪਲਾਈ ਕਰਨ ਤੋਂ ਵਾਂਝੇ ਰਹਿ ਗਏ।
ਵਿਦਿਆਰਥੀਆਂ ਅਤੇ ਮਾਪਿਆਂ ਦੀ ਇਸ ਪਰੇਸ਼ਾਨੀ ਨੂੰ ਮੁੱਖ ਰੱਖਦਿਆਂ ਹੁਣ ਸਿੱਖਿਆ ਵਿਭਾਗ ਨੇ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ ਨੂੰ ਅੱਜ 27 ਜੂਨ (ਸ਼ਨੀਵਾਰ) ਸ਼ਾਮ 5:00 ਵਜੇ ਤੱਕ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਆਨਲਾਈਨ ਫਾਰਮ ਭਰਨ ਦੀ ਆਖ਼ਰੀ ਤਾਰੀਖ਼ 25 ਜੂਨ (ਵੀਰਵਾਰ) ਨਿਰਧਾਰਤ ਕੀਤੀ ਗਈ ਸੀ।
ਪਰ ਵੀਰਵਾਰ ਨੂੰ ਵੀ ਵੈੱਬਸਾਈਟ ਬਹੁਤ ਸਲੋਅ (ਧੀਮੀ) ਚੱਲ ਰਹੀ ਸੀ, ਜਿਸ ਕਾਰਨ ਵਿਭਾਗ ਨੇ ਰਾਹਤ ਦਿੰਦਿਆਂ ਸ਼ੁੱਕਰਵਾਰ ਤੱਕ ਦਾ ਸਮਾਂ ਵਧਾਇਆ ਸੀ। ਪਰ ਸ਼ੁੱਕਰਵਾਰ ਨੂੰ ਵੀ ਉਹੀ ਸਮੱਸਿਆ ਦੁਬਾਰਾ ਖੜ੍ਹੀ ਹੋ ਗਈ ਅਤੇ ਪੋਰਟਲ ਪੂਰੀ ਤਰ੍ਹਾਂ ਠੱਪ ਹੋ ਗਿਆ।
ਪ੍ਰੇਸ਼ਾਨ ਹੋਏ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੋਰਟਲ ‘ਤੇ ਲੌਗਇਨ ਕਰਨ ਅਤੇ ਫਾਰਮ ਜਮ੍ਹਾ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ, ਪਰ ਤਕਨੀਕੀ ਨੁਕਸ ਕਾਰਨ ਫਾਰਮ ਸਬਮਿਟ ਨਹੀਂ ਹੋ ਸਕਿਆ। ਕਈਆਂ ਨੇ ਸ਼ਿਕਾਇਤ ਕੀਤੀ ਕਿ ਵੈੱਬਸਾਈਟ ਖੁੱਲ੍ਹ ਹੀ ਨਹੀਂ ਰਹੀ ਸੀ। ਇਸੇ ਕਾਰਨ ਮਾਪਿਆਂ ਅਤੇ ਵਿਦਿਆਰਥੀਆਂ ਨੇ ਸਿੱਖਿਆ ਵਿਭਾਗ ਤੱਕ ਪਹੁੰਚ ਕਰਕੇ ਆਖ਼ਰੀ ਤਾਰੀਖ਼ ਹੋਰ ਵਧਾਉਣ ਦੀ ਮੰਗ ਕੀਤੀ ਸੀ, ਜਿਸ ਨੂੰ ਵਿਭਾਗ ਨੇ ਪ੍ਰਵਾਨ ਕਰ ਲਿਆ ਹੈ।
13,920 ਸੀਟਾਂ ਲਈ ਮੁਕਾਬਲਾ
ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ 11ਵੀਂ ਜਮਾਤ ਦੀਆਂ ਕੁੱਲ 13,920 ਸੀਟਾਂ ਲਈ ਦਾਖ਼ਲੇ ਦੀ ਪ੍ਰਕਿਰਿਆ ਚੱਲ ਰਹੀ ਹੈ। ਹੁਣ ਜਿਹੜੇ ਵਿਦਿਆਰਥੀ ਤਕਨੀਕੀ ਖ਼ਰਾਬੀ ਕਾਰਨ ਫਾਰਮ ਨਹੀਂ ਭਰ ਸਕੇ ਸਨ, ਉਹ ਅੱਜ ਯਾਨੀ ਸ਼ਨੀਵਾਰ ਸ਼ਾਮ 5 ਵਜੇ ਤੱਕ ਹਰ ਹਾਲ ਵਿੱਚ ਆਪਣੀ ਅਰਜ਼ੀ ਜਮ੍ਹਾ ਕਰਵਾ ਸਕਦੇ ਹਨ।



