Breaking- ਯੂਨੀਵਰਸਿਟੀ ਨੇੜੇ ਵੱਡਾ ਦਹਿਸ਼ਤੀ ਹਮਲਾ; 3 ਜਵਾਨਾਂ ਸਮੇਤ 6 ਦੀ ਮੌਤ
ਕਰਾਚੀ, 28 ਜੂਨ 2026: ਪਾਕਿਸਤਾਨ ਦੇ ਕਰਾਚੀ ਸ਼ਹਿਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸਿੰਧ ਰੇਂਜਰਜ਼ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇੱਕ ਭਿਆਨਕ ਦਹਿਸ਼ਤੀ ਹਮਲੇ ਵਿੱਚ ਰੇਂਜਰਜ਼ ਦੇ ਤਿੰਨ ਜਵਾਨ ਮਾਰੇ ਗਏ ਹਨ। ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਤੁਰੰਤ ਜਵਾਬੀ ਕਾਰਵਾਈ ਵਿੱਚ ਤਿੰਨੋਂ ਹਮਲਾਵਰ ਵੀ ਢੇਰ ਕਰ ਦਿੱਤੇ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਮੁੱਖ ਹਮਲੇ ਤੋਂ ਪਹਿਲਾਂ ਕਰਾਚੀ ਦੀ ਇੱਕ ਮੁੱਖ ਸੜਕ ‘ਤੇ ਲੜੀਵਾਰ ਕਈ ਧਮਾਕੇ ਹੋਏ। ਦੱਸਿਆ ਜਾ ਰਿਹਾ ਹੈ ਕਿ ਜਿਸ ਇਲਾਕੇ ਵਿੱਚ ਇਹ ਧਮਾਕੇ ਹੋਏ, ਉੱਥੇ ਕਈ ਪ੍ਰਮੁੱਖ ਯੂਨੀਵਰਸਿਟੀਆਂ ਅਤੇ ਪਾਕਿਸਤਾਨ ਦੇ ਮੌਸਮ ਵਿਭਾਗ ਦੇ ਦਫ਼ਤਰ ਸਥਿਤ ਹਨ। ਧਮਾਕਿਆਂ ਦੇ ਤੁਰੰਤ ਬਾਅਦ ਪੂਰੇ ਇਲਾਕੇ ਵਿੱਚ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਹੋ ਗਈ, ਜਿਸ ਕਾਰਨ ਉੱਥੇ ਭਗਦੜ ਮਚ ਗਈ।
ਧਮਾਕਿਆਂ ਅਤੇ ਗੋਲੀਬਾਰੀ ਦੀ ਆਵਾਜ਼ ਸੁਣਦਿਆਂ ਹੀ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰੇ ਵਿੱਚ ਲੈ ਲਿਆ। ਸਿੰਧ ਰੇਂਜਰਜ਼ ਦੇ ਹੈੱਡਕੁਆਰਟਰ ‘ਤੇ ਹਮਲਾ ਕਰਨ ਆਏ ਅੱਤਵਾਦੀਆਂ ਖ਼ਿਲਾਫ਼ ਸੁਰੱਖਿਆ ਬਲਾਂ ਨੇ ਮੋਰਚਾ ਸੰਭਾਲਿਆ ਅਤੇ ਜਵਾਬੀ ਕਾਰਵਾਈ ਕਰਦੇ ਹੋਏ ਤਿੰਨਾਂ ਹਮਲਾਵਰਾਂ ਨੂੰ ਮੌਕੇ ‘ਤੇ ਹੀ ਮਾਰ ਮੁਕਾਇਆ।
ਇਸ ਮੁਠਭੇੜ ਵਿੱਚ ਸਿੰਧ ਰੇਂਜਰਜ਼ ਦੇ ਤਿੰਨ ਜਵਾਨ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਏ। ਫਿਲਹਾਲ ਇਲਾਕੇ ਵਿੱਚ ਸੁਰੱਖਿਆ ਬਲਾਂ ਵੱਲੋਂ ਵੱਡਾ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।



