ਰਾਜਾ ਵੜਿੰਗ ਅਸਤੀਫ਼ਾ ਦੇਣ! ਪੰਜਾਬ ਕਾਂਗਰਸ ‘ਚ ਵੱਡਾ ਧਮਾਕਾ, ਮੁਹੰਮਦ ਮੁਸਤਫ਼ਾ ਨੇ ਰਾਹੁਲ ਗਾਂਧੀ ਨੂੰ ਲਿਖੀ ਖੁੱਲ੍ਹੀ ਚਿੱਠੀ
ਚੰਡੀਗੜ੍ਹ, 5 ਜੁਲਾਈ 2026: ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਅਤੇ ਮੋਰਿੰਡਾ ਵਿੱਚ ਹੋਈਆਂ ਹਾਲੀਆ ਸਿਆਸੀ ਘਟਨਾਵਾਂ ਦੇ ਮੱਦੇਨਜ਼ਰ ਸੂਬੇ ਦੀ ਸਿਆਸਤ ਵਿੱਚ ਉਸ ਵੇਲੇ ਵੱਡਾ ਭੂਚਾਲ ਆ ਗਿਆ, ਜਦੋਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਦੇ ਪਤੀ ਮੁਹੰਮਦ ਮੁਸਤਫ਼ਾ ਨੇ ਪਾਰਟੀ ਹਾਈਕਮਾਂਡ ਨੂੰ ਇੱਕ ਬੇਹੱਦ ਤਿੱਖੀ ਅਤੇ ਖੁੱਲ੍ਹੀ ਚਿੱਠੀ ਲਿਖ ਦਿੱਤੀ। ਰਾਹੁਲ ਗਾਂਧੀ ਨੂੰ ਸੰਬੋਧਨ ਕਰਕੇ ਲਿਖੀ ਇਸ ਚਿੱਠੀ ਵਿੱਚ ਮੁਸਤਫ਼ਾ ਨੇ ਪੰਜਾਬ ਕਾਂਗਰਸ ਦੇ ਪਿਛਲੇ 6 ਮਹੀਨਿਆਂ ਦੇ ਘਟਨਾਕ੍ਰਮ ਨੂੰ ‘ਥੀਏਟਰ ਆਫ਼ ਦਾ ਐਬਸਰਡ’ (ਮਜ਼ਾਕ) ਕਰਾਰ ਦਿੱਤਾ ਹੈ।
ਮੁਹੰਮਦ ਮੁਸਤਫ਼ਾ ਨੇ ਪੱਤਰ ਵਿੱਚ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਮੋਰਿੰਡਾ ਵਿੱਚ ਜੋ ਕੁਝ ਵੀ ਮੰਦਭਾਗਾ ਹੋਇਆ, ਉਹ ਪਾਰਟੀ ਹਾਈਕਮਾਂਡ ਦੀ ਸਮੇਂ ਸਿਰ ਫੈਸਲੇ ਨਾ ਲੈ ਸਕਣ ਦੀ ਕਮਜ਼ੋਰੀ ਕਾਰਨ ਹੋਇਆ ਹੈ। ਉਨ੍ਹਾਂ ਕੁਝ ਆਗੂਆਂ ‘ਤੇ ਨਿਸ਼ਾਨਾ ਸਾਧਦਿਆਂ ਲਿਖਿਆ ਕਿ ਜੋ ਅਨਸਰ 2012 ਵਿੱਚ ਪਾਰਟੀ ਵਿੱਚ ਸ਼ਾਮਲ ਹੋਏ ਸਨ ਅਤੇ ਜਿਨ੍ਹਾਂ ਨੂੰ ਕਾਂਗਰਸ ਨੇ ਸਭ ਕੁਝ ਦਿੱਤਾ, ਉਹ ਅੱਜ ਪਾਰਟੀ ਨੂੰ ਹੀ ਅੱਖਾਂ ਦਿਖਾ ਰਹੇ ਹਨ। ਚਿੱਠੀ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੀ ਮਾਨਸਿਕਤਾ ਵਿੱਚ ਹਮੇਸ਼ਾ ਬਹਾਦਰੀ ਅਤੇ ਦ੍ਰਿੜਤਾ ਨੂੰ ਪਸੰਦ ਕੀਤਾ ਜਾਂਦਾ ਹੈ, ਜਦਕਿ ਫੈਸਲਿਆਂ ਵਿੱਚ ਢਿੱਲ-ਮੱਠ ਨੂੰ ਲੋਕ ਨਕਾਰ ਦਿੰਦੇ ਹਨ।
ਪੰਜਾਬ ਕਾਂਗਰਸ ਦੇ ਮੌਜੂਦਾ ਜਥੇਬੰਦਕ ਢਾਂਚੇ ‘ਤੇ ਸਿੱਧਾ ਹਮਲਾ ਕਰਦਿਆਂ ਮੁਹੰਮਦ ਮੁਸਤਫ਼ਾ ਨੇ ਕਿਹਾ ਕਿ ‘ਰਾਜਾ’ (ਅਮਰਿੰਦਰ ਸਿੰਘ ਰਾਜਾ ਵੜਿੰਗ) ਨੇ ਆਪਣੀ ਨਾਸਮਝੀ ਅਤੇ ਆਪਣੇ ਮੁੱਖ ਸਲਾਹਕਾਰ ਸੰਦੀਪ ਸੰਧੂ ਦੀਆਂ ਚਾਲਾਂ ਕਾਰਨ ਸੂਬੇ ਦੀ ਲੀਡਰਸ਼ਿਪ ਦੇ ਇੱਕ ਵੱਡੇ ਹਿੱਸੇ ਨੂੰ ਆਪਣੇ ਤੋਂ ਦੂਰ ਕਰ ਲਿਆ ਹੈ। ਮੁਸਤਫ਼ਾ ਅਨੁਸਾਰ, ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕਰਨ ਲਈ ਰਾਜਾ ਵੜਿੰਗ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਅਗਲਾ ਫੈਸਲਾ ਹਾਈਕਮਾਂਡ ‘ਤੇ ਛੱਡਣਾ ਚਾਹੀਦਾ ਹੈ।
ਪੱਤਰ ਵਿੱਚ ਹਾਈਕਮਾਂਡ ਨੂੰ ਸਪੱਸ਼ਟ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਨਵਾਂ ਪੀ.ਸੀ.ਸੀ. (PCC) ਚੀਫ਼ ਚੁਣਨਾ ਹੈ, ਤਾਂ ਉਹ ਸਿਰਫ਼ ਯੋਗਤਾ ਦੇ ਅਧਾਰ ‘ਤੇ ਚੁਣਿਆ ਜਾਵੇ, ਨਾ ਕਿ ਕਿਸੇ ਨੂੰ ਖੁਸ਼ ਕਰਨ ਲਈ। ਪੰਜਾਬ ਨੂੰ ਇੱਕ ਅਜਿਹੇ ਆਗੂ ਦੀ ਲੋੜ ਹੈ ਜੋ ਮੌਜੂਦਾ ਸਰਕਾਰ ਦੇ ਸਾਹਮਣੇ ਅੱਖਾਂ ਵਿੱਚ ਅੱਖਾਂ ਪਾ ਕੇ ਖੜ੍ਹ ਸਕੇ। ਚਾਪਲੂਸਾਂ ਦੀ ਬਜਾਏ, ਕਿਸੇ ਵੀ ਮੁੱਖ ਭਾਈਚਾਰੇ ਦੇ ਬੇਦਾਗ਼ ਅਤੇ ਮਜ਼ਬੂਤ ਅਕਸ ਵਾਲੇ ਆਗੂ ਨੂੰ ਕਮਾਨ ਸੌਂਪੀ ਜਾਵੇ।
ਮੁਸਤਫ਼ਾ ਨੇ ਕਿਹਾ ਕਿ ਮੋਰਿੰਡਾ ਦੀ ਘਟਨਾ ਸਿਰਫ਼ ਇੱਕ ਸ਼ੁਰੂਆਤ ਹੈ। ਆਉਣ ਵਾਲੇ ਦਿਨਾਂ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ‘ਮੁੱਖ ਮੰਤਰੀ ਦੇ ਚਿਹਰੇ’ (CM Face) ਦੀ ਮੰਗ ਨੂੰ ਲੈ ਕੇ ਹਾਈਕਮਾਂਡ ਦੇ ਸਿਰ ‘ਤੇ ਬੰਦੂਕ ਰੱਖਣ ਵਰਗਾ ਇੱਕ ਹੋਰ ਡਰਾਮਾ ਰਚਿਆ ਜਾਵੇਗਾ। ਚਿੱਠੀ ਦੇ ਅੰਤ ਵਿੱਚ ਰਾਹੁਲ ਗਾਂਧੀ ਨੂੰ ਹੌਸਲਾ ਦਿੰਦਿਆਂ ਮੁਹੰਮਦ ਮੁਸਤਫ਼ਾ ਨੇ ਲਿਖਿਆ ਹੈ, “ਡਰੋ ਮਤ, ਸਹੀ ਫੈਸਲਾ ਲਓ ਅਤੇ ਫਿਰ ਡੰਡਾ ਚਲਾਓ।”



