ਪੰਜਾਬ ਦੇ ਹਜ਼ਾਰਾਂ ਬਿਜਲੀ ਮੁਲਾਜ਼ਮ ਡਿਊਟੀਆਂ ‘ਤੇ ਪਰਤੇ; ਮੰਗਾਂ ਲਾਗੂ ਨਾ ਹੋਈਆਂ ਤਾਂ ਮੁੜ ਸੰਘਰਸ਼ ਦੀ ਚਿਤਾਵਨੀ
ਚੰਡੀਗੜ੍ਹ, 27 ਜੁਲਾਈ 2026:
ਪੰਜਾਬ ਵਿੱਚ ਲਗਾਤਾਰ ਛੇ ਦਿਨਾਂ ਤੱਕ ਸਮੂਹਿਕ ਛੁੱਟੀ ਲੈ ਕੇ ਹੜਤਾਲ ‘ਤੇ ਰਹੇ ਹਜ਼ਾਰਾਂ ਬਿਜਲੀ ਮੁਲਾਜ਼ਮਾਂ ਨੇ ਸੋਮਵਾਰ ਤੋਂ ਆਪਣੀਆਂ ਡਿਊਟੀਆਂ ਮੁੜ ਸੰਭਾਲ ਲਈਆਂ ਹਨ। ਟ੍ਰਿਬਿਊਨ ਦੀ ਖ਼ਬਰ ਮੁਤਾਬਿਕ, ਬਿਜਲੀ ਮੁਲਾਜ਼ਮਾਂ ਵੱਲੋਂ ਇਹ ਫ਼ੈਸਲਾ ਪਟਿਆਲਾ ਵਿਖੇ ਐਤਵਾਰ ਨੂੰ ਵਿੱਤ ਮੰਤਰੀ ਦੀ ਅਗਵਾਈ ਹੇਠ ਹੋਈ ਅਹਿਮ ਮੀਟਿੰਗ ਤੋਂ ਬਾਅਦ ਲਿਆ ਗਿਆ, ਜਿਸ ਵਿੱਚ ਪਾਵਰ ਮੈਨੇਜਮੈਂਟ ਦੇ ਉੱਚ ਅਧਿਕਾਰੀਆਂ ਨੇ ਮੁਲਾਜ਼ਮਾਂ ਦੀਆਂ ਕੁਝ ਅਹਿਮ ਮੰਗਾਂ ਮੰਨਣ ਲਈ ਸਹਿਮਤੀ ਜਤਾਈ।
ਹੜਤਾਲ ਕਾਰਨ ਬਿਜਲੀ ਵਿਭਾਗ ਦੇ ਕਈ ਦਫ਼ਤਰੀ ਅਤੇ ਤਕਨੀਕੀ ਕੰਮ ਪ੍ਰਭਾਵਿਤ ਹੋਏ ਸਨ, ਜਦਕਿ ਕਈ ਥਾਵਾਂ ‘ਤੇ ਉਪਭੋਗਤਾਵਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਹੁਣ ਮੁਲਾਜ਼ਮਾਂ ਦੇ ਡਿਊਟੀਆਂ ‘ਤੇ ਵਾਪਸ ਪਰਤਣ ਨਾਲ ਬਿਜਲੀ ਸੇਵਾਵਾਂ ਦੇ ਆਮ ਵਾਂਗ ਚੱਲਣ ਦੀ ਉਮੀਦ ਜਤਾਈ ਜਾ ਰਹੀ ਹੈ।
ਬਿਜਲੀ ਮੁਲਾਜ਼ਮ ਆਗੂ ਅਵਤਾਰ ਕੈਂਥ, ਹਰਪਾਲ ਧਾਲੀਵਾਲ, ਕੁਲਵਿੰਦਰ ਢਿੱਲੋਂ ਅਤੇ ਮਨਜੀਤ ਚਾਹਲ ਨੇ ਕਿਹਾ ਕਿ ਸਰਕਾਰ ਅਤੇ ਪਾਵਰ ਮੈਨੇਜਮੈਂਟ ਵੱਲੋਂ ਮੀਟਿੰਗ ਦੌਰਾਨ ਉਨ੍ਹਾਂ ਦੀਆਂ ਕੁਝ ਮੰਗਾਂ ਨੂੰ ਸਵੀਕਾਰ ਕੀਤਾ ਗਿਆ ਹੈ, ਜਿਸ ਦੇ ਮੱਦੇਨਜ਼ਰ ਫ਼ਿਲਹਾਲ ਹੜਤਾਲ ਖਤਮ ਕਰਕੇ ਕੰਮ ‘ਤੇ ਪਰਤਣ ਦਾ ਫ਼ੈਸਲਾ ਕੀਤਾ ਗਿਆ ਹੈ।
ਆਗੂਆਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਸੰਘਰਸ਼ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ, ਸਗੋਂ ਸਰਕਾਰ ਨੂੰ ਆਪਣੀਆਂ ਵਚਨਬੱਧਤਾਵਾਂ ਪੂਰੀਆਂ ਕਰਨ ਦਾ ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਮੰਨੀਆਂ ਗਈਆਂ ਮੰਗਾਂ ਨੂੰ ਜਲਦ ਲਾਗੂ ਨਾ ਕੀਤਾ ਗਿਆ ਜਾਂ ਸਮਝੌਤੇ ਦੀਆਂ ਸ਼ਰਤਾਂ ਨੂੰ ਅਮਲ ਵਿੱਚ ਨਾ ਲਿਆਂਦਾ ਗਿਆ, ਤਾਂ ਬਿਜਲੀ ਮੁਲਾਜ਼ਮ ਮੁੜ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ।
ਮੁਲਾਜ਼ਮ ਜਥੇਬੰਦੀਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਸਮਝੌਤੇ ‘ਤੇ ਇਮਾਨਦਾਰੀ ਨਾਲ ਅਮਲ ਕਰਨਾ ਲਾਜ਼ਮੀ ਹੈ, ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਦੁਬਾਰਾ ਹੜਤਾਲ ਜਾਂ ਹੋਰ ਤਿੱਖੇ ਸੰਘਰਸ਼ ਦੀ ਰਣਨੀਤੀ ਬਣਾਈ ਜਾ ਸਕਦੀ ਹੈ। ਫ਼ਿਲਹਾਲ ਹੜਤਾਲ ਖਤਮ ਹੋਣ ਨਾਲ ਬਿਜਲੀ ਵਿਭਾਗ ਦੇ ਕੰਮਕਾਜ ਨੂੰ ਰਾਹਤ ਮਿਲੀ ਹੈ ਅਤੇ ਉਪਭੋਗਤਾਵਾਂ ਨੇ ਵੀ ਸੁੱਖ ਦਾ ਸਾਹ ਲਿਆ ਹੈ।



